ਰਾਜਾ ਵੜਿੰਗ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ !
- ਨਵੇਂ ਪ੍ਰਧਾਨ ਲਈ ਸਿੰਗਲਾ ਸਮੇਤ ਕਈ ਨਾਂ ਚਰਚਾ ਵਿੱਚ
Raja Warring offers to resign: ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਲੀਡਰਸ਼ਿਪ ਬਦਲਾਅ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਜਾਣਕਾਰੀ ਮਿਲ ਰਹੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਪਾਰਟੀ ਸੂਤਰਾਂ ਮੁਤਾਬਕ ਸਚਿਨ ਪਾਇਲਟ ਵੱਲੋਂ ਪੰਜਾਬ ਕਾਂਗਰਸ ਦੇ ਸੰਗਠਨ ਅਤੇ ਅੰਦਰੂਨੀ ਧੜੇਬੰਦੀ ਬਾਰੇ ਹਾਈਕਮਾਂਡ ਨੂੰ ਦਿੱਤੀ ਰਿਪੋਰਟ ਤੋਂ ਬਾਅਦ ਵੜਿੰਗ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਲਿਆ ਗਿਆ ਹੈ।
ਰਿਪੋਰਟਾਂ ਮੁਤਾਬਕ ਹਾਈਕਮਾਂਡ ਨੇ ਵੜਿੰਗ ਨੂੰ ਆਪਣਾ ਫੈਸਲਾ ਦੱਸਿਆ ਅਤੇ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰਾਹੁਲ ਗਾਂਧੀ ਨੇ ਵੜਿੰਗ ਨਾਲ ਇਸ ਬਾਰੇ ਫੋਨ ‘ਤੇ ਗੱਲ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਇਹ ਜਾਣਕਾਰੀ ਫਿਲਹਾਲ ਸੂਤਰਾਂ ਦੇ ਹਵਾਲੇ ਨਾਲ ਹੈ। ਅਜੇ ਤੱਕ ਇਕ ਬਾਰੇ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ।
ਨਵੇਂ ਪ੍ਰਧਾਨ ਲਈ ਕਈ ਨਾਂ ਚਰਚਾ ਵਿੱਚ
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਲਈ ਵਿਜੈ ਇੰਦਰ ਸਿੰਗਲਾ ਦਾ ਨਾਂ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਉਨ੍ਹਾਂ ਤੋਂ ਇਲਾਵਾ ਪਰਗਟ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਹੋਰ ਆਗੂਆਂ ਦੇ ਨਾਂ ਵੀ ਚਰਚਾ ਵਿੱਚ ਹਨ। ਕੁਝ ਰਿਪੋਰਟਾਂ ਵਿੱਚ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਰਾਣਾ ਕੇ.ਪੀ. ਸਿੰਘ ਦੇ ਨਾਂ ਦਾ ਵੀ ਜ਼ਿਕਰ ਹੈ। ਨਵੇਂ ਪ੍ਰਧਾਨ ਦੇ ਨਾਂ ਦਾ ਐਲਾਨ ਅਗਲੇ 24 ਤੋਂ 48 ਘੰਟਿਆਂ ਵਿੱਚ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
ਧੜੇਬੰਦੀ ਖ਼ਤਮ ਕਰਨ ‘ਤੇ ਹਾਈਕਮਾਂਡ ਦਾ ਫੋਕਸ
ਸਚਿਨ ਪਾਇਲਟ ਨੂੰ ਸਤੰਬਰ ਵਿੱਚ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਸੂਬੇ ਦੇ ਪਾਰਟੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਸਨ। ਰਿਪੋਰਟਾਂ ਮੁਤਾਬਕ ਇਨ੍ਹਾਂ ਮੀਟਿੰਗਾਂ ਦੌਰਾਨ ਸੰਗਠਨ ਦੀ ਸਥਿਤੀ ਅਤੇ ਅੰਦਰੂਨੀ ਮਤਭੇਦਾਂ ਬਾਰੇ ਫੀਡਬੈਕ ਲਿਆ ਗਿਆ। ਪਾਰਟੀ ਅੰਦਰਲੇ ਮਤਭੇਦਾਂ, ਖਾਸ ਕਰਕੇ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਧੜੇ ਵਿਚਾਲੇ ਚੱਲ ਰਹੇ ਤਣਾਅ ਨੂੰ ਵੀ ਵੜਿੰਗ ਦੀ ਥਾਂ ਨਵਾਂ ਪ੍ਰਧਾਨ ਲਿਆਉਣ ਦੇ ਫੈਸਲੇ ਨਾਲ ਜੋੜਿਆ ਜਾ ਰਿਹਾ ਹੈ।
ਕਾਂਗਰਸ ਵੱਲੋਂ ਹੁਣ ਨਵੇਂ ਸੂਬਾ ਪ੍ਰਧਾਨ ਦੀ ਚੋਣ ਅਤੇ ਅਧਿਕਾਰਤ ਐਲਾਨ ਵੱਲ ਸਭ ਦੀਆਂ ਨਜ਼ਰਾਂ ਹਨ।
