ਵੱਡੀ ਖ਼ਬਰ: ਰਵਨੀਤ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Ravneet Bittu receives death threat: ਚੰਡੀਗੜ੍ਹ: ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਕਥਿਤ ਤੌਰ ’ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਰਿਪੋਰਟਾਂ ਮੁਤਾਬਕ ਐਤਵਾਰ ਸਵੇਰੇ ਉਨ੍ਹਾਂ ਦੇ ਵਟਸਐਪ ’ਤੇ ਪਾਕਿਸਤਾਨੀ ਨੰਬਰ ਤੋਂ ਧਮਕੀ ਭਰਿਆ ਵੌਇਸ ਮੈਸੇਜ ਭੇਜਿਆ ਗਿਆ। ਵੌਇਸ ਮੈਸੇਜ ਵਿੱਚ ਬਿੱਟੂ ਨੂੰ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਅਤੇ ਆਪਣੀ ‘ਔਕਾਤ’ ਵਿੱਚ ਰਹਿਣ ਲਈ ਕਿਹਾ ਗਿਆ। ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮੈਸੇਜ ਭੇਜਣ ਵਾਲੇ ਨੇ ਆਪਣੀ ਪਛਾਣ ‘ਮਲਿਕ ਐਲੈਕਸ’ ਵਜੋਂ ਦੱਸੀ।
ਧਮਕੀ ਦੇਣ ਵਾਲੇ ਨੇ ਕੀ ਕਿਹਾ
ਧਮਕੀ ਦੇਣ ਵਾਲੇ ਨੇ ਕੀ ਕਿਹਾ ਕਿ, “ਕੰਨ ਖੋਲ੍ਹ ਕੇ ਗੱਲ ਸੁਣ, ਤੂੰ ਅੱਜਕੱਲ੍ਹ ਬਹੁਤ ਬਕਵਾਸ ਕਰ ਰਿਹਾ ਹੈਂ, ਤੂੰ ਆਪਣੀ ਹੱਦ ਤੋਂ ਪਾਰ ਜਾ ਰਿਹਾ ਹੈਂ। ਆਪਣੀ ਹੱਦ ਵਿੱਚ ਰਹਿ, ਆਪਣੀ ਹੱਦ ਨੂੰ ਨਾ ਭੁੱਲ” ਧਮਕੀ ਦੇਣ ਵਾਲੇ ਨੇ ਕਿਹਾ ਉਸਦੇ ਲਈ ਇੱਕ “ਕਿਲੋ ਦਾ ਡੱਬਾ” ਤਿਆਰ ਹੈ, ਜਦ ਵੀ ਤੂੰ ਸਾਡੀ ਜਾੜ੍ਹ ਹੇਠ ਆ ਗਿਆ ਤੇਰਾ ਕੰਮ ਕਰ ਦੇਵਾਂਗੇ। ਅਸੀਂ ਹੁਣ ਵੀ ਤੇਰਾ ਕੰਮ ਕਰ ਸਕਦੇ ਹਾਂ ਪਰ ਹੁਣ ਬਹੁਤ ਲੋਕ ਮਰਨਗੇ।
ਲਸ਼ਕਰ-ਏ-ਝਾਂਗਵੀ ਨਾਲ ਜੋੜਨ ਦਾ ਦਾਅਵਾ
ਸਾਹਮਣੇ ਆਏ ਆਡੀਓ ਨੂੰ ਲੈ ਕੇ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਧਮਕੀ ਦੇਣ ਵਾਲੇ ਨੇ ਪਾਕਿਸਤਾਨ ਸਥਿਤ ਲਸ਼ਕਰ-ਏ-ਝਾਂਗਵੀ ਦੇ ਆਗੂ ਮਲਿਕ ਇਸਹਾਕ ਦਾ ਨਾਂ ਲਿਆ। ਆਡੀਓ ਵਿੱਚ ਬਿੱਟੂ ਨੂੰ ਧਮਕਾਉਂਦੇ ਹੋਏ ਕਥਿਤ ਤੌਰ ’ਤੇ ਵਿਸਫੋਟਕ ਨਾਲ ਹਮਲੇ ਦੀ ਗੱਲ ਵੀ ਕੀਤੀ ਗਈ ਹੈ। ਹਾਲਾਂਕਿ ਧਮਕੀ ਦੇਣ ਵਾਲੇ ਦੀ ਅਸਲ ਪਛਾਣ ਅਤੇ ਕਿਸੇ ਅੱਤਵਾਦੀ ਸੰਗਠਨ ਨਾਲ ਉਸ ਦੇ ਸਬੰਧਾਂ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ।
ਪੁਲਿਸ ਤੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ
ਧਮਕੀ ਮਿਲਣ ਤੋਂ ਬਾਅਦ ਬਿੱਟੂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਟਸਐਪ ਨੰਬਰ, ਵੌਇਸ ਮੈਸੇਜ ਅਤੇ ਹੋਰ ਤਕਨੀਕੀ ਸਬੂਤਾਂ ਦੀ ਜਾਂਚ ਕਰ ਰਹੀਆਂ ਹਨ। ਜਾਂਚ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਸੇਜ ਅਸਲ ਵਿੱਚ ਕਿੱਥੋਂ ਭੇਜਿਆ ਗਿਆ ਅਤੇ ਇਸ ਦੇ ਪਿੱਛੇ ਕੌਣ ਹੈ।
