ਐਸ ਜੈਸ਼ੰਕਰ ਦੀ ਸੁਰੱਖਿਆ ‘ਚ ਵਾਧਾ, ਕਾਫਲੇ ‘ਚ ਜੋੜੀ ਗਈ ਬੁਲੇਟਪਰੂਫ ਗੱਡੀ, ਕਈ ਹੋਰ ਲੀਡਰਾਂ ਦੀ ਵਧਾਈ ਜਾਵੇਗੀ ਸੁਰੱਖਿਆ!
Operation Sindoor: ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਕਾਫਲੇ ਵਿੱਚ ਬੁਲੇਟਪਰੂਫ ਗੱਡੀ ਜੋੜੀ ਗਈ ਹੈ। ਉਨ੍ਹਾਂ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ।
S Jaishankar Security: ਦਿੱਲੀ ਪੁਲਿਸ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਕਦਮ ਵਿਦੇਸ਼ ਮੰਤਰਾਲੇ ਦੀ ਵਿਸ਼ੇਸ਼ ਬੇਨਤੀ ਤੋਂ ਬਾਅਦ ਚੁੱਕਿਆ ਗਿਆ ਹੈ। ਸੂਤਰਾਂ ਅਨੁਸਾਰ, ਇਹ ਬੇਨਤੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਹਾਲ ਹੀ ਵਿੱਚ ਹੋਏ ਤਣਾਅ ਅਤੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਆਈ ਹੈ।
ਇੱਕ ਰਿਪੋਰਟ ਮੁਤਾਬਕ, ਦਿੱਲੀ ਪੁਲਿਸ ਨਾ ਸਿਰਫ ਜੈਸ਼ੰਕਰ ਦੀ ਸੁਰੱਖਿਆ ਵਧਾ ਰਹੀ ਹੈ, ਸਗੋਂ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਅਤੇ ਘੱਟੋ-ਘੱਟ 25 ਭਾਜਪਾ ਨੇਤਾਵਾਂ ਦੇ ਸੁਰੱਖਿਆ ਪ੍ਰਬੰਧਾਂ ਦੀ ਵੀ ਸਮੀਖਿਆ ਕਰ ਰਹੀ ਹੈ। ਇਨ੍ਹਾਂ ਨੇਤਾਵਾਂ ਵਿੱਚ ਕੇਂਦਰੀ ਮੰਤਰੀ, ਸੰਸਦ ਮੈਂਬਰ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸ਼ਾਮਲ ਹਨ।
ਵਧਾਈ ਜਾਵੇਗੀ ਕਈ ਵੱਡੇ ਭਾਜਪਾ ਨੇਤਾਵਾਂ ਦੀ ਸੁਰੱਖਿਆ
ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਐਤਵਾਰ ਨੂੰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਵੀਆਈਪੀਜ਼ ਦੀ ਸੁਰੱਖਿਆ ‘ਤੇ ਚਰਚਾ ਕੀਤੀ, ਜਿਨ੍ਹਾਂ ਨੇ ਪਾਕਿਸਤਾਨ ਵਿਰੁੱਧ ਖੁੱਲ੍ਹ ਕੇ ਬਿਆਨ ਦਿੱਤੇ, ਖਾਸ ਕਰਕੇ ਸੋਸ਼ਲ ਮੀਡੀਆ ‘ਤੇ। ਇਨ੍ਹਾਂ ਵਿੱਚ ਭਾਜਪਾ ਦੇ ਕਈ ਵੱਡੇ ਨੇਤਾ ਸ਼ਾਮਲ ਹਨ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸੁਰੱਖਿਆ ਕਰਮਚਾਰੀਆਂ ਨੂੰ ਗੋਲੀਬਾਰੀ ਅਤੇ ਮੈਡੀਕਲ ਐਮਰਜੈਂਸੀ ਦੀ ਸਿਖਲਾਈ ਦਿੱਤੀ ਜਾਵੇਗੀ।
ਜੈਸ਼ੰਕਰ ਦੀ ਸੁਰੱਖਿਆ ਬਾਰੇ, ਦਿੱਲੀ ਪੁਲਿਸ ਨੇ ਗ੍ਰਹਿ ਮੰਤਰਾਲੇ ਨੂੰ ਖ਼ਤਰੇ ਦਾ ਮੁਲਾਂਕਣ ਕਰਨ ਦੀ ਬੇਨਤੀ ਕੀਤੀ। ਸੂਤਰਾਂ ਨੇ ਦੱਸਿਆ ਕਿ ਜੈਸ਼ੰਕਰ ਦੇ ਘਰ ਅਤੇ ਦਫਤਰ ਦੇ ਬਾਹਰ ਸਪੋਟਰਾਂ ਦੀ ਗਿਣਤੀ ਵਧਾਉਣ, ਇੱਕ ਐਸਕਾਰਟ ਕਾਰ ਦੇਣ ਅਤੇ ਇੱਕ ਨਵਾਂ ਕਾਲ ਸਾਈਨ ਦੇਣ ਵਰਗੇ ਕਦਮਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਵਰਤਮਾਨ ਵਿੱਚ, ਜੈਸ਼ੰਕਰ ਨੂੰ ਸੀਆਰਪੀਐਫ ਦੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ, ਜਿਸ ਵਿੱਚ 6 ਸੁਰੱਖਿਆ ਕਰਮਚਾਰੀ ਉਨ੍ਹਾਂ ਦੀ ਮੋਬਾਈਲ ਸੁਰੱਖਿਆ ਲਈ ਅਤੇ 10 ਉਨ੍ਹਾਂ ਦੇ ਘਰ ਦੀ ਸੁਰੱਖਿਆ ਲਈ ਤਾਇਨਾਤ ਹਨ। ਪਹਿਲਾਂ ਉਨ੍ਹਾਂ ਨੂੰ ਜ਼ੈੱਡ-ਪਲੱਸ ਸੁਰੱਖਿਆ ਦਿੱਤੀ ਗਈ ਸੀ, ਜਿਸ ਵਿੱਚ 10 ਸੁਰੱਖਿਆ ਕਰਮਚਾਰੀ ਮੋਬਾਈਲ ਸੁਰੱਖਿਆ ਲਈ ਅਤੇ 10 ਘਰ ਦੀ ਸੁਰੱਖਿਆ ਲਈ ਸੀ।
25 ਹੋਰ ਲੀਡਰਾਂ ਦੀ ਸੂਚੀ ਤਿਆਰ
ਸੁਰੱਖਿਆ ਸਮੀਖਿਆ ਅਧੀਨ, 25 ਭਾਜਪਾ ਆਗੂਆਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕੇਂਦਰੀ ਮੰਤਰੀ ਜੇਪੀ ਨੱਡਾ, ਭੂਪੇਂਦਰ ਯਾਦਵ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਸੰਸਦ ਮੈਂਬਰ ਨਿਸ਼ੀਕਾਂਤ ਦੂਬੇ, ਸੁਧਾਂਸ਼ੂ ਤ੍ਰਿਵੇਦੀ ਅਤੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਸ਼ਾਮਲ ਹਨ। ਦਿੱਲੀ ਪੁਲਿਸ ਦੀ ਸੁਰੱਖਿਆ ਸ਼ਾਖਾ ਨੂੰ ਸਾਰੇ ਸੁਰੱਖਿਆ ਕਰਮਚਾਰੀਆਂ ਦੇ ਵਾਹਨਾਂ ਵਿੱਚ ਫਸਟ ਏਡ ਕਿੱਟਾਂ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਇਲਾਵਾ, ਸੋਮਵਾਰ ਤੋਂ, ਨਵੀਂ ਪੁਲਿਸ ਲਾਈਨਾਂ ਵਿੱਚ ਸੁਰੱਖਿਆ ਕਰਮਚਾਰੀਆਂ ਨੂੰ ਗੋਲੀਬਾਰੀ ਅਤੇ ਮੈਡੀਕਲ ਐਮਰਜੈਂਸੀ ਵਿੱਚ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਮੱਦੇਨਜ਼ਰ ਇਹ ਕਦਮ ਮਹੱਤਵਪੂਰਨ ਮੰਨੇ ਜਾ ਰਹੇ ਹਨ।