ਓਮਾਨ ਵਿੱਚ ਫਸੀਆਂ ਦੋ ਪੰਜਾਬੀ ਲੜਕੀਆਂ ਦੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਵਾਪਸੀ
- ਓਮਾਨ ਵਿੱਚ ਨੌਕਰੀ ਦੇ ਝਾਂਸੇ ਦੇ ਕੇ ਲੜਕੀਆਂ ਨੂੰ ਬਣਾਇਆ ਗਿਆ ਬੰਦੀ
- ਧੀ ਦੀ ਸੁਰੱਖਿਅਤ ਵਾਪਸੀ ਘਰ ਗਹਿਣੇ ਰੱਖਕੇ ਟ੍ਰੈਵਲ ਏਜੰਟ ਨੂੰ ਦਿੱਤਾ ਇੱਕ ਲੱਖ
- 130 ਲੜਕੀਆਂ ਓਮਾਨ ਵਿੱਚ ਅਜੇ ਵੀ ਫਸੀਆਂ ਹੋਣ ਦਾ ਦਾਅਵਾ
- ਵਾਇਆ ਮੁੰਬਈ ਏਅਰਪੋਰਟ ਤੋਂ ਓਮਾਨ ਜਾ ਰਹੀਆਂ ਹਨ ਲੜਕੀਆਂ
Safe return of two Punjabi girls From Oman: ਸੁਲਤਾਨਪੁਰ ਲੋਧੀ (ਬਲਵਿੰਦਰ ਧਾਲੀਵਾਲ): ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਸੁਨਹਿਰੀ ਸੁਪਨੇ ਲੈ ਕੇ ਜਾਣ ਵਾਲੀਆਂ ਪੰਜਾਬ ਦੀਆਂ ਧੀਆਂ ਨੂੰ ਕਈ ਵਾਰ ਏਜੰਟਾਂ ਅਤੇ ਵਿਚੋਲਿਆਂ ਦੇ ਧੋਖੇ, ਸ਼ੋਸ਼ਣ ਅਤੇ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਹੀ ਦੁੱਖਦਾਈ ਹਾਲਾਤਾਂ ਵਿੱਚ ਓਮਾਨ ਦੇ ਮਸਕਟ ਵਿੱਚ ਫਸੀਆਂ ਜਲੰਧਰ ਅਤੇ ਕਪੂਰਥਲਾ ਜ਼ਿਿਲ੍ਹਆਂ ਨਾਲ ਸਬੰਧਤ ਦੋ ਪੰਜਾਬੀ ਲੜਕੀਆਂ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਭਾਰਤ ਵਾਪਸੀ ਹੋਈ ਹੈ। ਇੰਨ੍ਹਾਂ ਦੋਵੇਂ ਮਾਮਲਿਆਂ ਵਿੱਚ ਇੰਨ੍ਹਾਂ ਲੜਕੀਆਂ ਨੂੰ ਓਮਾਨ ਲੈ ਜਾਣ ਵਿੱਚ ਲੜਕੀਆਂ ਹੀ ਟ੍ਰੈਵਲ ਏਜੰਟ ਵਜੋਂ ਵਿਚਰ ਰਹੀਆਂ ਸਨ। ਦੋਹਾਂ ਪਰਿਵਾਰਾਂ ਨੇ ਪੁਲੀਸ ਕੋਲ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਹਨਾਂ ਲੜਕੀਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਮੁਬਈ ਏਅਰਪੋਰਟ ਤੋਂ ਓਮਾਨ ਲਿਜਾਇਆ ਗਿਆ।
ਦੋਵਾਂ ਲੜਕੀਆਂ ਦੇ ਪਰਿਵਾਰਾਂ ਵੱਲੋਂ ਸੰਤ ਸੀਚੇਵਾਲ ਨੂੰ ਲਿਖਤੀ ਅਰਜ਼ੀਆਂ ਦੇ ਕੇ ਆਪਣੀਆਂ ਧੀਆਂ ਨੂੰ ਓਮਾਨ ਤੋਂ ਸੁਰੱਖਿਅਤ ਵਾਪਸ ਲਿਆਉਣ ਲਈ ਮਦਦ ਦੀ ਗੁਹਾਰ ਲਗਾਈ ਗਈ ਸੀ। ਪਰਿਵਾਰਾਂ ਵੱਲੋਂ ਦਿੱਤੀਆਂ ਅਰਜ਼ੀਆਂ ਵਿੱਚ ਓਮਾਨ ਵਿੱਚ ਉਨ੍ਹਾਂ ਦੀਆਂ ਧੀਆਂ ਨਾਲ ਹੋ ਰਹੇ ਸ਼ੋਸ਼ਣ, ਕੁੱਟਮਾਰ, ਧਮਕੀਆਂ ਅਤੇ ਵਾਪਸੀ ਲਈ ਪੈਸਿਆਂ ਦੀ ਮੰਗ ਸਬੰਧੀ ਗੰਭੀਰ ਦੋਸ਼ ਲਗਾਏ ਗਏ ਸਨ।
ਜਲੰਧਰ ਜ਼ਿਲ੍ਹੇ ਨਾਲ ਸਬੰਧਤ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਓਮਾਨ ਵਿੱਚ ਬਿਊਟੀ ਪਾਰਲਰ ਵਿੱਚ ਨੌਕਰੀ ਅਤੇ ਲਗਭਗ 35 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਦਾ ਭਰੋਸਾ ਦੇ ਕੇ ਮਸਕਟ ਭੇਜਿਆ ਗਿਆ ਸੀ। ਪਰ ਉੱਥੇ ਪਹੁੰਚਣ ਤੋਂ ਬਾਅਦ ਉਸ ਨੂੰ ਪਾਰਲਰ ਦੇ ਕੰਮ ਦੀ ਬਜਾਏ ਗਲਤ ਕੰਮਾਂ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਗਈ। ਵਿਰੋਧ ਕਰਨ ’ਤੇ ਉਸ ਨਾਲ ਕੁੱਟਮਾਰ ਅਤੇ ਮਾਨਸਿਕ ਤਸ਼ੱਦਦ ਕੀਤਾ ਗਿਆ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਲੜਕੀ ਦਾ ਪਾਸਪੋਰਟ ਖੋਹ ਲਿਆ ਗਿਆ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ। ਮਰੀਅਮ ਉਨ੍ਹਾਂ ਕੋਲੋ ਕਦੇਂ 20 ਹਾਜ਼ਰ ਕਦੇਂ 35 ਹਾਜ਼ਰ ਮੰਗਵਾਉਂਦੀ ਰਹੀ। ਏਸੇ ਤਰ੍ਹਾਂ ਆਪਣੀ ਧੀ ਦੀ ਓਮਾਨ ਵਿੱਚ ਸਲਾਮਤੀ ਲਈ ਆਪਣਾ ਮੋਟਰ ਸਾਈਕਲ ਵੇਚਣਾ ਪਿਆ।
ਪਰਿਵਾਰ ਨੇ 1 ਜੁਲਾਈ ਨੂੰ ਸੰਤ ਸੀਚੇਵਾਲ ਦੇ ਦਫ਼ਤਰ ਨਾਲ ਸੰਪਰਕ ਕਰਕੇ ਆਪਣੀ ਧੀ ਦੀ ਸੁਰੱਖਿਅਤ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਸੀ। ਲਗਾਤਾਰ ਯਤਨਾਂ ਤੋਂ ਬਾਅਦ ਲੜਕੀ 7 ਸਤੰਬਰ ਨੂੰ ਸੁਰੱਖਿਅਤ ਆਪਣੇ ਪਰਿਵਾਰ ਕੋਲ ਭਾਰਤ ਵਾਪਸ ਪਹੁੰਚ ਗਈ।
ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਦੂਜੀ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਉਹਨਾਂ ਦੇ ਪਿੰਡ ਦੀ ਰਹਿਣ ਵਾਲੀ ਅੰਜੂ ਨਾਂਅ ਦੀ ਲੜਕੀ ਰਾਹੀ ਓਮਾਨ ਵਿੱਚ ਘਰੇਲੂ ਕੰਮ ਕਰਨ ਲਈ ਭੇਜਿਆ ਗਿਆ ਸੀ। ਪਰਿਵਾਰ ਅਨੁਸਾਰ, ਸ਼ੁਰੂ ਵਿੱਚ ਲਗਭਗ ਦੋ ਮਹੀਨੇ ਤੱਕ ਸਭ ਕੁਝ ਠੀਕ ਰਿਹਾ, ਪਰ ਬਾਅਦ ਵਿੱਚ ਲੜਕੀ ਦੀ ਸਿਹਤ ਖਰਾਬ ਹੋ ਗਈ ਅਤੇ ਉਸ ਨੂੰ ਲੋੜੀਂਦਾ ਇਲਾਜ ਅਤੇ ਦਵਾਈਆਂ ਨਹੀਂ ਮਿਲੀਆਂ। ਪਰਿਵਾਰ ਨੇ ਦੋਸ਼ ਲਗਾਇਆ ਕਿ ਲੜਕੀ ਨੂੰ ਭਾਰਤ ਵਾਪਸ ਭੇਜਣ ਲਈ ਉਨ੍ਹਾਂ ਕੋਲੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਪੈਸੇ ਨਾ ਦੇਣ ਦੀ ਸੂਰਤਵਿੱਚ ਵਾਪਸ ਨਾ ਭੇਜਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪਰਿਵਾਰ ਨੇ ਆਪਣਾ ਘਰ ਅਤੇ ਜਾਇਦਾਦ ਗਿਰਵੀ ਰੱਖ ਕੇ ਇੱਕ ਲੱਖ ਰੁਪਏ ਦਾ ਪ੍ਰਬੰਧ ਕਰਕੇ ਸਬੰਧਤ ਵਿਅਕਤੀਆਂ ਨੂੰ ਦਿੱਤੇ। ਇਸ ਦੇ ਬਾਵਜੂਦ ਹੋਰ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਪਰਿਵਾਰ ’ਤੇ ਹੋਰ ਲੜਕੀਆਂ ਭੇਜਣ ਲਈ ਵੀ ਦਬਾਅ ਪਾਇਆ ਗਿਆ।
ਕਪੂਰਥਲਾ ਜ਼ਿਲ੍ਹੇ ਦੇ ਪਰਿਵਾਰ ਨੇ 11 ਅਗਸਤ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚ ਕਰਕੇ ਆਪਣੀ ਧੀ ਦੀ ਸੁਰੱਖਿਅਤ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਸੀ। ਸੰਤ ਸੀਚੇਵਾਲ ਦੇ ਯਤਨਾਂ ਤੋਂ ਬਾਅਦ ਇਹ ਲੜਕੀ 23 ਅਗਸਤ ਨੂੰ ਸੁਰੱਖਿਅਤ ਭਾਰਤ ਵਾਪਸ ਆ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਿਦੇਸ਼ ਵਿੱਚ ਨੌਕਰੀ ਦੇ ਨਾਂ ’ਤੇ ਮਨੁੱਖੀ ਤਸਕਰੀ ਅਤੇ ਸ਼ੋਸ਼ਣ ਦੇ ਮਾਮਲੇ ਬਹੁਤ ਚਿੰਤਾਜਨਕ ਹਨ। ਉਨ੍ਹਾਂ ਕਿਹਾ, “ਸਾਡੀਆਂ ਧੀਆਂ ਬਿਹਤਰ ਭਵਿੱਖ ਦੀ ਆਸ ਵਿੱਚ ਵਿਦੇਸ਼ ਜਾਂਦੀਆਂ ਹਨ, ਪਰ ਜੇ ਉਨ੍ਹਾਂ ਨੂੰ ਉੱਥੇ ਧੋਖੇ, ਤਸ਼ੱਦਦ ਜਾਂ ਸ਼ੋਸ਼ਣ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਪੀੜ ਹੈ। ਸਰਕਾਰਾਂ ਨੂੰ ਅਜਿਹੇ ਮਾਮਲਿਆਂ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨੀ ਚਾਹੀਦੀ ਹੈ। ਲੋਕਾਂ ਨੂੰ ਵੀ ਵਿਦੇਸ਼ ਭੇਜਣ ਤੋਂ ਪਹਿਲਾਂ ਏਜੰਟ, ਵੀਜ਼ਾ, ਨੌਕਰੀ ਅਤੇ ਕੰਮ ਦੇ ਸਥਾਨ ਦੀ ਪੂਰੀ ਪੜਤਾਲ ਕਰਨੀ ਚਾਹੀਦੀ ਹੈ।”
ਹੁਣ ਤੱਕ ਕਰੀਬ 190 ਲੜਕੀਆਂ ਦੀ ਸੁਰੱਖਿਅਤ ਵਾਪਸੀ
ਵਿਦੇਸ਼ਾਂ ਵਿੱਚ ਮੁਸੀਬਤ ਵਿੱਚ ਫਸੇ ਪੰਜਾਬੀਆਂ ਦੀ ਮਦਦ ਲਈ ਲਗਾਤਾਰ ਯਤਨ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਖਲ ਨਾਲ ਹੁਣ ਤੱਕ ਕਰੀਬ 190 ਲੜਕੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਫਸੀਆਂ ਜਾਂ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਲੜਕੀਆਂ ਸ਼ਾਮਲ ਹਨ।
