Banner
Banner

ਸਤਨਾਮ ਸੰਧੂ ਨੇ ਆਂਧਰਾ ਪ੍ਰਦੇਸ਼ ਦੇ CM ਚੰਦਰਬਾਬੂ ਨਾਇਡੂ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣ ਲਈ ਆਂਧਰਾ ਦੇ ‘ਸਪੀਡ ਆਫ਼ ਡੂਇੰਗ ਬਿਜ਼ਨਸ’ ਮਾਡਲ ਦਾ ਲਿਆ ਜਾਇਜ਼ਾ

ਚੰਡੀਗੜ੍ਹ: ਮੈਂਬਰ ਪਾਰਲੀਮੈਂਟ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਮਕਸਦ ਆਂਧਰਾ ਵਿੱਚ ਆਈ ਆਰਥਿਕ ਕ੍ਰਾਂਤੀ, ਗਲੋਬਲ ਤਕਨਾਲੋਜੀ ਹੱਬ ਵਜੋਂ ਹੈਦਰਾਬਾਦ ਦਾ ਵਿਕਾਸ (ਨਾਇਡੂ ਦੇ ਕਾਰਜ ਕਾਲ ਦੌਰਾਨ) ਅਤੇ ਅਮਰਾਵਤੀ ਨੂੰ ਭਵਿੱਖਮੁਖੀ ਰਾਜਧਾਨੀ ਵਜੋਂ ਵਿਕਸਤ ਕਰਨ ਦੇ ਪਿੱਛੇ ਗਵਰਨੈਂਸ ਅਤੇ ਨੀਤੀਗਤ […]
Dailypost News
By : Updated On: 19 May 2026 13:46:PM
ਸਤਨਾਮ ਸੰਧੂ ਨੇ ਆਂਧਰਾ ਪ੍ਰਦੇਸ਼ ਦੇ CM ਚੰਦਰਬਾਬੂ ਨਾਇਡੂ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣ ਲਈ ਆਂਧਰਾ ਦੇ ‘ਸਪੀਡ ਆਫ਼ ਡੂਇੰਗ ਬਿਜ਼ਨਸ’ ਮਾਡਲ ਦਾ ਲਿਆ ਜਾਇਜ਼ਾ

ਚੰਡੀਗੜ੍ਹ: ਮੈਂਬਰ ਪਾਰਲੀਮੈਂਟ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਮਕਸਦ ਆਂਧਰਾ ਵਿੱਚ ਆਈ ਆਰਥਿਕ ਕ੍ਰਾਂਤੀ, ਗਲੋਬਲ ਤਕਨਾਲੋਜੀ ਹੱਬ ਵਜੋਂ ਹੈਦਰਾਬਾਦ ਦਾ ਵਿਕਾਸ (ਨਾਇਡੂ ਦੇ ਕਾਰਜ ਕਾਲ ਦੌਰਾਨ) ਅਤੇ ਅਮਰਾਵਤੀ ਨੂੰ ਭਵਿੱਖਮੁਖੀ ਰਾਜਧਾਨੀ ਵਜੋਂ ਵਿਕਸਤ ਕਰਨ ਦੇ ਪਿੱਛੇ ਗਵਰਨੈਂਸ ਅਤੇ ਨੀਤੀਗਤ ਢਾਂਚੇ ਦਾ ਡੂੰਘਾਈ ਨਾਲ ਅਧਿਐਨ ਕਰਨਾ ਸੀ।

ਆਂਧਰਾ ਪ੍ਰਦੇਸ਼ ਦੇ ਵਿਕਾਸ ਮਾਡਲ ਦੇ ਆਧਾਰ ‘ਤੇ ਹੀ ਪੰਜਾਬ ਨੂੰ ਆਰਥਿਕ ਪੱਖੋਂ ਖ਼ੁਸ਼ਹਾਲ ਸੂਬਾ ਬਣਾਉਣ ਦੀ ਰਣਨੀਤੀ ਉਲੀਕੀ ਜਾਵੇਗੀ। ਐਮਪੀ ਸਤਨਾਮ ਸਿੰਘ ਸੰਧੂ ਦੀ ਆਂਧਰਾ ਪ੍ਰਦੇਸ਼ ਦੀ ਫੇਰੀ ਇਸੇ ਵਿਸ਼ੇ ‘ਤੇ ਕੇਂਦਰਿਤ ਰਹੀ। ਮੁਲਾਕਾਤ ਦੌਰਾਨ ਐਮਪੀ ਸੰਧੂ ਨੇ ਆਂਧਰਾ ਦੇ ਸਫ਼ਲ ਗਵਰਨੈਂਸ ਮਾਡਲ, ਉਦਯੋਗਿਕ ਨੀਤੀਆਂ ਅਤੇ ਨਵੀਨਤਾ ਨੂੰ ਹੁਲਾਰਾ ਦੇਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਗਹਿਰਾਈ ਨਾਲ ਵਾਚਿਆ। ਇਸ ਨਾਲ ਪੰਜਾਬ ਨੂੰ ਆਪਣੀ ਰਵਾਇਤੀ ਖੇਤੀ ਪ੍ਰਧਾਨ ਅਰਥਵਿਵਸਥਾ ਤੋਂ ਅੱਗੇ ਨਿਕਲ ਕੇ ਵਿਭਿੰਨਤਾ ਵੱਲ ਵਧਣ ਲਈ ਪ੍ਰੇਰਿਤ ਕਰਨ ਵਿੱਚ ਮਦਦ ਮਿਲੇਗੀ ਅਤੇ ਪੰਜਾਬ ਸੂਚਨਾ ਤਕਨਾਲੋਜੀ (ਆਈਟੀ), ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ), ਸਿਹਤ ਸੇਵਾਵਾਂ, ਉੱਦਮਤਾ, ਨਵੀਨਤਾ ਅਤੇ ਨਵੇਂ ਉੱਭਰ ਰਹੇ ਉਦਯੋਗਾਂ ਵਰਗੇ ਕਈ ਖੇਤਰਾਂ ਵਿੱਚ ਇੱਕ ਬਹੁ ਪੱਖੀ ਵਿਕਾਸ ਦਾ ਹੱਬ ਬਣ ਕੇ ਉੱਭਰੇਗਾ।

ਆਂਧਰਾ ਦੇ ਮੁੱਖ ਮੰਤਰੀ ਨਾਲ ਉੱਚ ਪੱਧਰੀ ਚਰਚਾ ਦੌਰਾਨ ਐਮਪੀ ਸੰਧੂ ਨੇ ਸੂਬੇ ਦੇ ਵਿਕਾਸ ਮਾਡਲ ਨੂੰ ਡੂੰਘਾਈ ਨਾਲ ਵਾਚਿਆ। ਇਸ ਦਰਮਿਆਨ ਉਨ੍ਹਾਂ ਨੇ ਆਂਧਰਾ ਦੇ ‘ਸਪੀਡ ਆਫ਼ ਡੂਇੰਗ ਬਿਜ਼ਨਸ’ ਮਾਡਲ ਤਹਿਤ ਤੇਜ਼ ਤਰਾਰ ਪ੍ਰਸ਼ਾਸਨ ਚਲਾਉਣ ਦੇ ਮੁੱਖ ਮੰਤਰੀ ਨਾਇਡੂ ਦੇ ਤਰੀਕੇ ਦੇ ਵਿਸ਼ਲੇਸ਼ਣ ਕੀਤਾ, ਜਿਸ ਨੇ ਆਂਧਰਾ ਪ੍ਰਦੇਸ਼ ਵਿੱਚ 8.67 ਲੱਖ ਕਰੋੜ ਰੁਪਏ (105 ਅਰਬ ਡਾਲਰ) ਦੇ 216 ਪ੍ਰੋਜੈਕਟਾਂ ਨੂੰ ਆਕਰਸ਼ਿਤ ਕੀਤਾ। ਸੀਈਓ ਮੁੱਖ ਮੰਤਰੀ ਵਜੋਂ ਜਾਣੇ ਜਾਂਦੇ ਨਾਇਡੂ ਨੇ ਇੱਕ ਇਤਿਹਾਸਕ 4ਪੀ ਮਾਡਲ (ਪੀਪਲ, ਪਬਲਿਕ, ਪ੍ਰਾਇਵੇਟ, ਪਾਰਟਨਰਸ਼ਿਪ) ਦੀ ਸ਼ੁਰੂਆਤ ਕੀਤੀ, ਜੋ ਕਿ ਕੌਮਾਂਤਰੀ ਦਿੱਗਜ ਟੈੱਕ ਕੰਪਨੀਆਂ ਨੂੰ ਖਿੱਚਣ ਲਈ 100 ਫ਼ੀਸਦੀ ਐਸਜੀਐਸਟੀ ਰਿਟਰਨ ਅਤੇ ਨਾਮਾਤਰ ਦਰਾਂ ‘ਤੇ ਜ਼ਮੀਨ ਦੀ ਪੇਸ਼ਕਸ਼ ਕਰਕੇ ਭ੍ਰਿਸ਼ਟਾਚਾਰ ਦਾ ਪੂਰੀ ਤਰ੍ਹਾਂ ਖ਼ਾਤਮਾ ਕਰਦਾ ਹੈ। ਐਮਪੀ ਸੰਧੂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੂਬੇ ਦੀ ਇੱਕ ਪਰਿਵਾਰ ਇੱਕ ਉਦਮੀ ਪਹਿਲਕਦਮੀ ਜ਼ਮੀਨੀ ਪੱਧਰ ‘ਤੇ ਸਵੈ ਰੁਜ਼ਗਾਰ ਦੇ ਰਾਹ ਖੋਲ੍ਹਣ ਲਈ ਇੱਕ ਬਿਹਤਰੀਨ ਢਾਂਚਾ ਹੈ, ਜੋ ਪੰਜਾਬ ਦੇ ਨੌਜਵਾਨਾਂ ਅੰਦਰਲੇ ਕੁਦਰਤੀ ਉਦਮੀ ਜਜ਼ਬੇ ਦਾ ਸਹੀ ਫ਼ਾਇਦਾ ਉਠਾ ਸਕਦੀ ਹੈ ਅਤੇ ਇੱਥੇ ਹੀ ਰੁਜ਼ਗਾਰ ਦੇ ਭਰਪੂਰ ਮੌਕੇ ਪੈਦਾ ਕਰਕੇ ਸੂਬੇ ਦੇ ਹੁਨਰਮੰਦ ਨੌਜਵਾਨਾਂ ਦਾ ਵਿਦੇਸ਼ ਵਿੱਚ ਪ੍ਰਵਾਸ ਰੋਕ ਸਕਦੀ ਹੈ।

ਇਸ ਮੌਕੇ ਐਮਪੀ ਸਤਨਾਮ ਸਿੰਘ ਸੰਧੂ ਨਾਲ ਮੁਲਾਕਾਤ ਦੌਰਾਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ, “ਆਂਧਰਾ ਪ੍ਰਦੇਸ਼ ਅਤੇ ਪੰਜਾਬ ਦੋਵਾਂ ਸੂਬਿਆਂ ਵਿੱਚ ਖੇਤੀਬਾੜੀ ਮੁੱਖ ਕਿੱਤਿਆਂ ਵਿੱਚੋਂ ਇੱਕ ਹੈ, ਜੋ ਇਨ੍ਹਾਂ ਦੀ ਜੀਡੀਪੀ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ।” ਉਨ੍ਹਾਂ ਅੱਗੇ ਕਿਹਾ, “ਪੰਜਾਬ ਨੇ ਸਮੇਂ ਦੇ ਨਾਲ ਹਰੀ ਕ੍ਰਾਂਤੀ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ ਅਤੇ ਭਾਰਤ ਨੂੰ ਅਨਾਜ ਦੇ ਮਾਮਲੇ ਵਿੱਚ ਆਤਮ ਨਿਰਭਰ ਬਣਾਇਆ ਹੈ। ਪਰ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਅਤੇ ਆਂਧਰਾ ਪ੍ਰਦੇਸ਼ ਮਿਲ ਕੇ ਡੀਪ ਟੈੱਕ ਕ੍ਰਾਂਤੀ ਵਿੱਚ ਹਿੱਸਾ ਲੈਣ ਅਤੇ ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਦੇ ਗਲੋਬਲ ਹੱਬ ਵਜੋਂ ਉੱਭਰਨ, ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।

ਐਮਪੀ ਸਤਨਾਮ ਸਿੰਘ ਸੰਧੂ ਨੇ ਕਿਹਾ, “ਇੱਕ ਦੂਰਅੰਦੇਸ਼ੀ ਆਗੂ, ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਅਮਰਾਵਤੀ ਨੂੰ ਡੀਪ ਟੈੱਕ ਦਾ ਗਲੋਬਲ ਹੱਬ ਬਣਾ ਰਹੇ ਹਨ। ਇਸ ਦੇ ਨਾਲ ਹੀ ਇਸ ਨੂੰ ਗਲੋਬਲ ਨਾਲੇਜ ਹੱਬ ਵਜੋਂ ਵੀ ਵਿਕਸਤ ਕੀਤਾ ਜਾ ਰਿਹਾ ਹੈ, ਜੋ ਭਾਰਤ ਦੇ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਤੋਂ 5 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਆਕਰਸ਼ਿਤ ਕਰੇਗਾ। ਅਮਰਾਵਤੀ ਦਾ ਇਹ ਗਲੋਬਲ ਨਾਲੇਜ ਹੱਬ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਨੂੰ ਇੱਥੇ ਆਪਣੇ ਕੈਂਪਸ ਸਥਾਪਤ ਕਰਨ ਲਈ ਵੀ ਖਿੱਚ ਰਿਹਾ ਹੈ, ਜਿਸ ਦੇ ਤਹਿਤ ਯੂਨੀਵਰਸਿਟੀ ਆਫ਼ ਟੋਕੀਓ ਵੱਲੋਂ ਇੱਥੇ ਆਪਣਾ ਕੈਂਪਸ ਸਥਾਪਤ ਕਰਨ ਦੀ ਪ੍ਰਕਿਰਿਆ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।“

ਐਮਪੀ ਸਤਨਾਮ ਸਿੰਘ ਸੰਧੂ ਨੇ ਅਮਰਾਵਤੀ ਨੂੰ ਇੱਕ ਗਲੋਬਲ ਕੁਆਂਟਮ ਵੈਲੀ ਵਜੋਂ ਵਿਕਸਤ ਕਰਨ ਲਈ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਅਗਵਾਈ ਦੀ ਸ਼ਲਾਘਾ ਕੀਤੀ, ਜੋ ਆਈਬੀਐਮ ਵਰਗੀਆਂ ਕੌਮਾਂਤਰੀ ਦਿੱਗਜ ਕੰਪਨੀਆਂ ਵੱਲੋਂ ਵੱਡੇ ਪੱਧਰ ‘ਤੇ ਨਿਵੇਸ਼ ਨੂੰ ਆਕਰਸ਼ਤ ਕਰ ਰਹੀ ਹੈ, ਜੋ ਇੱਥੇ ਆਪਣੇ ਏਆਈ ਅਤੇ ਡਾਟਾ ਸੈਂਟਰ ਸਥਾਪਤ ਕਰ ਰਹੀਆਂ ਹਨ।

ਐਮਪੀ ਸਤਨਾਮ ਸਿੰਘ ਸੰਧੂ ਨੇ ‘ਅਮਰਾਵਤੀ ਕੁਆਂਟਮ ਰੈਫਰੈਂਸ ਫ਼ੈਸਿਲਿਟੀ’ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਨਾਇਡੂ ਦੀ ਇਤਿਹਾਸਕ ਵਿਰਾਸਤ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ 1998 ਵਿੱਚ ਉਨ੍ਹਾਂ ਦੀ ਮੋਹਰੀ ਅਗਵਾਈ ਹੇਠ ‘ਹਾਈ-ਟੈੱਕ ਸਿਟੀ’, ‘ਸਾਈਬਰ ਟਾਵਰਸ’ ਅਤੇ ‘ਸਾਈਬਰ-ਆਬਾਦ’ ਦੇ ਵਿਕਾਸ ਨੇ ਹੈਦਰਾਬਾਦ ਦੇ ਸਾਫਟਵੇਅਰ ਨਿਰਯਾਤ ਨੂੰ 1 ਅਰਬ ਡਾਲਰ ਦੇ ਅੰਕੜੇ ਤੋਂ ਪਾਰ ਪਹੁੰਚਾ ਦਿੱਤਾ ਸੀ। ਇਸੇ ਸਦਕਾ ਅਜਿਹਾ ਈਕੋਸਿਸਟਮ ਤਿਆਰ ਹੋਇਆ, ਜੋ ਅੱਜ 1,500 ਤੋਂ ਵੱਧ ਕੰਪਨੀਆਂ ਵਿੱਚ ਲਗਭਗ 9.39 ਲੱਖ ਪੇਸ਼ੇਵਰਾਂ ਨੂੰ ਸਿੱਧਾ ਰੁਜ਼ਗਾਰ ਦੇ ਰਿਹਾ ਹੈ। ਇਹ ਰਫ਼ਤਾਰ ਅੱਜ ਵੀ ਜਾਰੀ ਹੈ ਕਿਉਂਕਿ ਆਂਧਰਾ ਪ੍ਰਦੇਸ਼ ਵੱਡੇ ਨਵੇਂ ਡਿਜੀਟਲ ਬੁਨਿਆਦੀ ਢਾਂਚੇ ਨੂੰ ਸਥਾਪਤ ਕਰ ਰਿਹਾ ਹੈ, ਜਿਸ ਵਿੱਚ ਦਿੱਗਜ ਟੈੱਕ ਕੰਪਨੀ ‘ਗੂਗਲ’ ਵੱਲੋਂ ਵਾਈਜ਼ੈਗ ਵਿੱਚ ਪ੍ਰਸਤਾਵਿਤ 15 ਅਰਬ ਡਾਲਰ (1.44 ਲੱਖ ਕਰੋੜ ਰੁਪਏ) ਦਾ ਡਾਟਾ ਸੈਂਟਰ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਆਈਬੀਐਮ, ਆਈਈਟੀ ਮਦਰਾਸ, ਸੰਯੁਕਤ ਰਾਸ਼ਟਰ ਦੇ ‘ਇੰਟਰਨੈਸ਼ਨਲ ਕੰਪਿਊਟਿੰਗ ਸੈਂਟਰ’ ਨਾਲ ਭਾਈਵਾਲੀ ਕਰਕੇ 45 ਲੱਖ ਨਾਗਰਿਕਾਂ ਨੂੰ ਏਆਈ, ਕੁਆਂਟਮ ਤਕਨਾਲੋਜੀਆਂ ਅਤੇ ਸਾਈਬਰ ਸੁਰੱਖਿਆ ਵਿੱਚ ਸਿਖਲਾਈ ਦੇਣ ਦਾ ਵੀ ਅਹਿਮ ਸੰਕਲਪ ਲਿਆ ਹੈ।


ਐਮ.ਪੀ. ਸਤਨਾਮ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਪੰਜਾਬ ਇਨ੍ਹਾਂ ਨਵੀਆਂ ਤਕਨਾਲੋਜੀ ਪ੍ਰਣਾਲੀਆਂ ਨੂੰ ਅਪਣਾਉਣ ਲਈ ਕੇਂਦਰ ਸਰਕਾਰ ਦੇ ਰਣਨੀਤਕ ਸਹਿਯੋਗ ਦਾ ਕਿਵੇਂ ਫ਼ਾਇਦਾ ਉਠਾ ਸਕਦਾ ਹੈ। ਉਨ੍ਹਾਂ ਨੇ ‘ਇੰਡੀਆ ਸੈਮੀਕੰਡਕਟਰ ਮਿਸ਼ਨ’ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਮੋਹਾਲੀ ਵਿੱਚ ਸਥਿਤ ‘ਸੈਮੀ-ਕੰਡਕਟਰ ਲੈਬਾਰਟਰੀ’ ਦੇ ਆਧੁਨਿਕੀਕਰਨ ਅਤੇ ਵਿਸਤਾਰ ਲਈ ਅਲੱਗ ਰੱਖੇ 4,500 ਕਰੋੜ ਰੁਪਏ ਦਾ ਹਵਾਲਾ ਦਿੱਤਾ।
ਪੰਜਾਬ ਦੀਆਂ ਉਦਯੋਗਿਕ ਨੀਤੀਆਂ ਨੂੰ ਆਂਧਰਾ ਪ੍ਰਦੇਸ਼ ਦੇ ਡੀਪ-ਟੈੱਕ ਰੋਡਮੈਪ ਨਾਲ ਜੋੜ ਕੇ, ਸੂਬਾ ਭਾਰਤ ਦੇ ਘਰੇਲੂ ਚਿੱਪ ਨਿਰਮਾਣ ਈਕੋਸਿਸਟਮ ਵਿੱਚ ਆਪਣੀ ਭੂਮਿਕਾ ਨੂੰ ਵੱਧ ਤੋਂ ਵੱਧ ਵਧਾ ਸਕਦਾ ਹੈ। ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਵਿੱਚ ਲੋੜੀਂਦੀ ਵਿਭਿੰਨਤਾ ਲਿਆਉਣ ਲਈ ਆਂਧਰਾ ਪ੍ਰਦੇਸ਼ ਦੀ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ‘ਕਲਾਈਮੇਟ ਰੈਜ਼ੀਲੀਐਂਟ ਜ਼ੀਰੋ ਬਜਟ ਨੈਚੁਰਲ ਫਾਰਮਿੰਗ’ ਪਹਿਲਕਦਮੀ ਤੋਂ ਵੀ ਸਿੱਖਿਆ ਲੈ ਸਕਦਾ ਹੈ, ਜਿਸ ਨੂੰ 2018 ਵਿੱਚ ਪੈਰਿਸ ਪੀਸ ਫੋਰਮ ਦੁਆਰਾ ਵਿਸ਼ਵ ਦੀਆਂ ਚੋਟੀ ਦੀਆਂ 10 ਪਹਿਲਕਦਮੀਆਂ ਵਿੱਚ ਸ਼ਾਮਲ ਕੀਤਾ ਗਿਆ ਸੀ।

ਮੁਲਾਕਾਤ ਦੌਰਾਨ ਅਮਰਾਵਤੀ ਦੇ ਵਿਕਾਸ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ, ਜਿਸ ਦੀ ਕਲਪਨਾ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਸਾਂਝੇ ਵਿਜ਼ਨ ਰਾਹੀਂ ਬਣਾਏ ਜਾਣ ਵਾਲੇ ਭਾਰਤ ਦੇ ਪਹਿਲੇ ਭਵਿੱਖਮੁਖੀ ਗਲੋਬਲ ਸ਼ਹਿਰ ਵਜੋਂ ਕੀਤੀ ਗਈ ਹੈ।

ਸਾਲ 2050 ਤੱਕ 35 ਲੱਖ ਲੋਕਾਂ ਨੂੰ ਵਸਾਉਣ ਅਤੇ 15 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਡਿਜ਼ਾਈਨ ਕੀਤਾ ਜਾ ਰਿਹਾ ਅਮਰਾਵਤੀ ਸ਼ਹਿਰ, ਪ੍ਰਸ਼ਾਸਨ, ਨਿਆਂ, ਗਿਆਨ ਅਤੇ ਸਿਹਤ ਦੇ ਖੇਤਰਾਂ ਵਿੱਚ ਵਿਸ਼ੇਸ਼ਤਾ ਰੱਖਣ ਵਾਲੇ ਨੌ ਥੀਮ ਅਧਾਰਿਤ ਉਪ ਸ਼ਹਿਰਾਂ ਨਾਲ ਲੈਸ ਹੋਵੇਗਾ। ਇਹ ਸੂਰਜੀ, ਪੌਣ ਅਤੇ ਪਣ ਸਰੋਤਾਂ ਤੋਂ 2700 ਮੈਗਾਵਾਟ ਬਿਜਲੀ ਪੈਦਾ ਕਰਕੇ ਦੁਨੀਆ ਦਾ ਪਹਿਲਾ ਪੂਰੀ ਤਰ੍ਹਾਂ ਨਵਿਆਉਣਯੋਗ ਊਰਜਾ ਨਾਲ ਚੱਲਣ ਵਾਲਾ ਸ਼ਹਿਰ ਬਣੇਗਾ।

ਇਸ ਤੋਂ ਇਲਾਵਾ, ‘ਅਮਰਾਵਤੀ ਕੁਆਂਟਮ ਵੈਲੀ’ ਕੁਆਂਟਮ ਇੰਟੈਲੈਕਚੂਅਲ ਪ੍ਰਾਪਰਟੀ ਦਾ ਇੱਕ ਵਿਸ਼ਵ ਪੱਧਰੀ ਕੇਂਦਰ ਬਣਨ ਲਈ ਤਿਆਰ ਹੈ, ਜਿੱਥੇ ਆਈਬੀਐਮ, ਟੀਸੀਐਸ, ਐਲ ਐਂਡ ਟੀ ਵਰਗੀਆਂ ਕੰਪਨੀਆਂ ਦਸੰਬਰ 2026 ਤੱਕ ਪਹਿਲਾ ਸਵਦੇਸ਼ੀ ਓਪਨ ਐਕਸੈਸ ਕੁਆਂਟਮ ਕੰਪਿਊਟਰ ਤਿਆਰ ਕਰਨ ਲਈ ਕੰਮ ਕਰ ਰਹੀਆਂ ਹਨ।

ਇਸ ਦੌਰੇ ਬਾਰੇ ਗੱਲ ਕਰਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਨਾਇਡੂ ਨੇ ਮਹਿਜ਼ ਬੁਨਿਆਦੀ ਢਾਂਚਾ ਖੜ੍ਹਾ ਨਹੀਂ ਕੀਤਾ, ਬਲਕਿ ਇੱਕ ਪੂਰਾ ਈਕੋਸਿਸਟਮ ਤਿਆਰ ਕੀਤਾ ਹੈ। ਉਨ੍ਹਾਂ ਆਪਣੀ ਗੱਲ ਪੂਰੀ ਕਰਦਿਆਂ ਕਿਹਾ ਕਿ ਜਿਵੇਂ ਪੰਜਾਬ ਦੇ ਲੋਕ ਇਮਾਨਦਾਰ ਸ਼ਾਸਨ, ਪਾਰਦਰਸ਼ੀ ਪ੍ਰਸ਼ਾਸਨ ਅਤੇ ਆਰਥਿਕ ਸਥਿਰਤਾ ਦੀ ਉਮੀਦ ਰੱਖਦੇ ਹਨ, ਆਂਧਰਾ ਪ੍ਰਦੇਸ਼ ਦੇ ਇਸ ਦੌਰੇ ਤੋਂ ਮਿਲੇ ਸੁਝਾਅ ਪੰਜਾਬ ਲਈ ਇੱਕ ਅਜਿਹਾ ਮਜ਼ਬੂਤ ਬਲੂਪ੍ਰਿੰਟ ਤਿਆਰ ਕਰਨ ਵਿੱਚ ਮਦਦ ਕਰਨਗੇ, ਜੋ ਸੂਬੇ ਦੇ ਨੌਜਵਾਨਾਂ ਨੂੰ ਇੱਥੇ ਹੀ ਉਹ ਸਨਮਾਨ, ਸਥਿਰਤਾ ਅਤੇ ਵਿਸ਼ਵ ਪੱਧਰੀ ਮੌਕੇ ਪ੍ਰਦਾਨ ਕਰੇਗਾ ਜਿਸ ਦੇ ਉਹ ਹੱਕਦਾਰ ਹਨ, ਤਾਂ ਜੋ ਉਨ੍ਹਾਂ ਨੂੰ ਮਜਬੂਰ ਹੋ ਕੇ ਬਾਹਰਲੇ ਮੁਲਕਾਂ ਵੱਲ ਹਿਜਰਤ ਨਾ ਕਰਨੀ ਪਵੇ।

Read Latest News and Breaking News at Daily Post TV, Browse for more News

Ad
Ad