Banner

ਵੇਰਕਾ ਦੁੱਧ ਦੀ ਕੁਆਲਿਟੀ ‘ਤੇ ਉੱਠੇ ਗੰਭੀਰ ਸਵਾਲ, ਡਿਸਟ੍ਰੀਬਿਊਟਰਾਂ ਨੇ ਸਰਕਾਰ ਕੋਲ ਜਾਂਚ ਦੀ ਕੀਤੀ ਮੰਗ

Verka milk quality; ਪੰਜਾਬ ਦੇ ਸਭ ਤੋਂ ਵੱਡੇ ਅਤੇ ਭਰੋਸੇਯੋਗ ਡੇਅਰੀ ਬ੍ਰਾਂਡ ‘ਵੇਰਕਾ’ ਦੀ ਦੁੱਧ ਦੀ ਕੁਆਲਿਟੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋਣ ਲੱਗੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਵਾਲ ਕੋਈ ਹੋਰ ਨਹੀਂ, ਸਗੋਂ ਵੇਰਕਾ ਦਾ ਦੁੱਧ ਵੇਚਣ ਵਾਲੇ ਡਿਸਟ੍ਰੀਬਿਊਟਰਾਂ ਨੇ ਹੀ ਉਠਾਏ ਹਨ। ਲੁਧਿਆਣਾ ਵੇਰਕਾ ਡਿਸਟ੍ਰੀਬਿਊਟਰਜ਼ ਐਸੋਸੀਏਸ਼ਨ ਨੇ ਦੋਸ਼ ਲਗਾਇਆ […]
Jaspreet Singh
By : Published: 12 Jul 2026 18:28:PM
ਵੇਰਕਾ ਦੁੱਧ ਦੀ ਕੁਆਲਿਟੀ ‘ਤੇ ਉੱਠੇ ਗੰਭੀਰ ਸਵਾਲ, ਡਿਸਟ੍ਰੀਬਿਊਟਰਾਂ ਨੇ ਸਰਕਾਰ ਕੋਲ ਜਾਂਚ ਦੀ ਕੀਤੀ ਮੰਗ

Verka milk quality; ਪੰਜਾਬ ਦੇ ਸਭ ਤੋਂ ਵੱਡੇ ਅਤੇ ਭਰੋਸੇਯੋਗ ਡੇਅਰੀ ਬ੍ਰਾਂਡ ‘ਵੇਰਕਾ’ ਦੀ ਦੁੱਧ ਦੀ ਕੁਆਲਿਟੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋਣ ਲੱਗੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਵਾਲ ਕੋਈ ਹੋਰ ਨਹੀਂ, ਸਗੋਂ ਵੇਰਕਾ ਦਾ ਦੁੱਧ ਵੇਚਣ ਵਾਲੇ ਡਿਸਟ੍ਰੀਬਿਊਟਰਾਂ ਨੇ ਹੀ ਉਠਾਏ ਹਨ।

ਲੁਧਿਆਣਾ ਵੇਰਕਾ ਡਿਸਟ੍ਰੀਬਿਊਟਰਜ਼ ਐਸੋਸੀਏਸ਼ਨ ਨੇ ਦੋਸ਼ ਲਗਾਇਆ ਹੈ ਕਿ ਪਲਾਂਟ ਤੋਂ ਸਪਲਾਈ ਹੋਣ ਵਾਲਾ ਦੁੱਧ ਅੱਧੇ ਘੰਟੇ ਵਿੱਚ ਹੀ ਫਟ ਜਾਂਦਾ ਹੈ, ਜਿਸ ਕਾਰਨ ਗਾਹਕ ਖਰਾਬ ਦੁੱਧ ਵਾਪਸ ਕਰ ਰਹੇ ਹਨ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪਲਾਂਟ ਵਿੱਚ ਕੁਆਲਿਟੀ ਕੰਟਰੋਲ ਦੇ ਮਾਪਦੰਡਾਂ ਦੀ ਸਹੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ।

ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਐਸੋਸੀਏਸ਼ਨ ਨੇ ਸਰਕਾਰ ਤੋਂ ਦੁੱਧ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਵੇਰਕਾ ਪ੍ਰਬੰਧਨ ‘ਤੇ ਮਨਮਾਨੀ ਕਰਨ ਦੇ ਦੋਸ਼ ਵੀ ਲਗਾਏ ਗਏ, ਜਿਸ ਕਾਰਨ ਡਿਸਟ੍ਰੀਬਿਊਟਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡਿਸਟ੍ਰੀਬਿਊਟਰਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਇਸ ਇਤਿਹਾਸਕ ਬ੍ਰਾਂਡ ਨੂੰ ਆਪਣੀਆਂ ਅੱਖਾਂ ਸਾਹਮਣੇ ਬਦਨਾਮ ਹੁੰਦਾ ਨਹੀਂ ਦੇਖ ਸਕਦੇ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਸਿੱਧੇ ਤੌਰ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਧੀਨ ਹੈ, ਇਸ ਲਈ ਹੁਣ ਉਹ ਆਪਣੀਆਂ ਸ਼ਿਕਾਇਤਾਂ ਲੈ ਕੇ ਸਿੱਧੇ ਮੁੱਖ ਮੰਤਰੀ ਨੂੰ ਮਿਲਣਗੇ।

ਐਸੋਸੀਏਸ਼ਨ ਨੇ ਮੁੱਖ ਮੰਤਰੀ ਦਫ਼ਤਰ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਨੂੰ ਲੁਧਿਆਣਾ ਪਲਾਂਟ ਵਿੱਚ ਹੋ ਰਹੀ ਲਾਪਰਵਾਹੀ, ਅਧਿਕਾਰੀਆਂ ਦੀ ਮਨਮਾਨੀ ਅਤੇ ਦੁੱਧ ਦੀ ਘਟੀਆ ਕੁਆਲਿਟੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਉਣਗੇ ਤਾਂ ਜੋ ਇਸ ਬ੍ਰਾਂਡ ਦੀ ਸਾਖ ਬਚਾਈ ਜਾ ਸਕੇ।

ਡਿਸਟ੍ਰੀਬਿਊਟਰਾਂ ਨੇ ਗਿਣਾਈਆਂ ਮੁੱਖ ਸਮੱਸਿਆਵਾਂ

ਅੱਧੇ ਘੰਟੇ ਵਿੱਚ ਫਟ ਰਿਹਾ ਦੁੱਧ
ਡਿਸਟ੍ਰੀਬਿਊਟਰਾਂ ਦਾ ਸਭ ਤੋਂ ਵੱਡਾ ਦੋਸ਼ ਹੈ ਕਿ ਲੁਧਿਆਣਾ ਪਲਾਂਟ ਤੋਂ ਆਉਣ ਵਾਲਾ ਦੁੱਧ ਗਾਹਕਾਂ ਤੱਕ ਪਹੁੰਚਣ ਦੇ ਅੱਧੇ ਘੰਟੇ ਅੰਦਰ ਹੀ ਫਟ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ।

ਖਰਾਬ ਦੁੱਧ ਬਦਲਣ ਲਈ ਕਰਵਾਏ ਜਾਂਦੇ ਹਨ ਚੱਕਰ
ਐਸੋਸੀਏਸ਼ਨ ਦਾ ਦੋਸ਼ ਹੈ ਕਿ ਜਦੋਂ ਖਰਾਬ ਦੁੱਧ ਵਾਪਸ ਕਰਨ ਲਈ ਪਲਾਂਟ ਪ੍ਰਬੰਧਨ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਅਧਿਕਾਰੀ ਕੋਈ ਸੁਣਵਾਈ ਨਹੀਂ ਕਰਦੇ। ਖਰਾਬ ਮਾਲ ਬਦਲਵਾਉਣ ਲਈ ਡਿਸਟ੍ਰੀਬਿਊਟਰਾਂ ਨੂੰ ਹਫ਼ਤਿਆਂ ਤੱਕ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ।

ਜ਼ਬਰਦਸਤੀ ਵੱਧ ਸਪਲਾਈ ਦਾ ਦੋਸ਼

ਡਿਸਟ੍ਰੀਬਿਊਟਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪਲਾਂਟ ਪ੍ਰਬੰਧਨ ਆਪਣੀ ਵਿਕਰੀ ਅਤੇ ਟਾਰਗੇਟ ਪੂਰੇ ਕਰਨ ਲਈ ਲੋੜ ਤੋਂ ਵੱਧ ਦੁੱਧ ਭੇਜ ਰਿਹਾ ਹੈ। ਜੇਕਰ ਕੋਈ ਡਿਸਟ੍ਰੀਬਿਊਟਰ 100 ਟਰੇਆਂ ਦਾ ਆਰਡਰ ਦਿੰਦਾ ਹੈ ਤਾਂ ਉਸ ਨੂੰ 110 ਟਰੇਆਂ ਭੇਜ ਦਿੱਤੀਆਂ ਜਾਂਦੀਆਂ ਹਨ। ਵਾਧੂ ਮਾਲ ਨਾ ਵਿਕਣ ਅਤੇ ਖਰਾਬ ਹੋਣ ਦਾ ਸਾਰਾ ਆਰਥਿਕ ਨੁਕਸਾਨ ਵੀ ਡਿਸਟ੍ਰੀਬਿਊਟਰਾਂ ਨੂੰ ਹੀ ਝੱਲਣਾ ਪੈਂਦਾ ਹੈ।

ਗਾਹਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਹਨ ਡਿਸਟ੍ਰੀਬਿਊਟਰ

ਡਿਸਟ੍ਰੀਬਿਊਟਰਾਂ ਨੇ ਕਿਹਾ ਕਿ ਸਾਲਾਂ ਤੋਂ ਲੋਕਾਂ ਦਾ ਵੇਰਕਾ ‘ਤੇ ਭਰੋਸਾ ਰਿਹਾ ਹੈ, ਪਰ ਹੁਣ ਖਰਾਬ ਦੁੱਧ ਮਿਲਣ ਕਾਰਨ ਗਾਹਕ ਅਤੇ ਦੁਕਾਨਦਾਰ ਨਾਰਾਜ਼ ਹਨ। ਇਸ ਦਾ ਸਿੱਧਾ ਅਸਰ ਡਿਸਟ੍ਰੀਬਿਊਟਰਾਂ ਦੀ ਸਾਖ ‘ਤੇ ਪੈ ਰਿਹਾ ਹੈ।

ਕਈ ਸ਼ਿਕਾਇਤਾਂ ਦੇ ਬਾਵਜੂਦ ਨਹੀਂ ਹੋਈ ਕਾਰਵਾਈ

ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੁਧਿਆਣਾ ਪਲਾਂਟ ਦੇ ਅਧਿਕਾਰੀਆਂ ਨੂੰ ਲਿਖਤੀ ਅਤੇ ਮੌਖਿਕ ਤੌਰ ‘ਤੇ ਕਈ ਵਾਰ ਸ਼ਿਕਾਇਤਾਂ ਦਿੱਤੀਆਂ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।

ਡਿਸਟ੍ਰੀਬਿਊਟਰਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਕਿਸੇ ਦਾ ਵਿਰੋਧ ਕਰਨਾ ਨਹੀਂ, ਸਗੋਂ ਪੰਜਾਬ ਦੇ ਮਸ਼ਹੂਰ ਵੇਰਕਾ ਬ੍ਰਾਂਡ ਦੀ ਭਰੋਸੇਯੋਗਤਾ ਅਤੇ ਸਾਖ ਨੂੰ ਬਚਾਉਣਾ ਹੈ।

Read Latest News and Breaking News at Daily Post TV, Browse for more News

Ad
Ad