ਪੰਜਾਬ ਵਿੱਚ 24×7 ਖੁੱਲ੍ਹ ਸਕਣਗੀਆਂ ਦੁਕਾਨਾਂ, ਸਰਕਾਰ ਵੱਲੋਂ ਗਾਇਡਲਾਈਨ ਜਾਰੀ
Shops to open 24×7 in Punjab: ਚੰਡੀਗੜ੍ਹ: ਪੰਜਾਬ ਵਿੱਚ ਹੁਣ ਰਜਿਸਟਰਡ ਦੁਕਾਨਾਂ ਅਤੇ ਵਪਾਰਕ ਅਦਾਰੇ ਸਾਲ ਦੇ 365 ਦਿਨ, ਹਫ਼ਤੇ ਦੇ ਸੱਤੋਂ ਦਿਨ ਅਤੇ 24 ਘੰਟੇ ਖੁੱਲ੍ਹੇ ਰੱਖੇ ਜਾ ਸਕਣਗੇ। ਕਿਰਤ ਵਿਭਾਗ ਨੇ ਪੰਜਾਬ ਦੁਕਾਨ ਅਤੇ ਵਪਾਰਕ ਅਦਾਰਾ ਐਕਟ, 1958 ਤਹਿਤ ਰਜਿਸਟਰਡ ਅਦਾਰਿਆਂ ਨੂੰ ਦੁਕਾਨਾਂ ਖੋਲ੍ਹਣ ਅਤੇ ਬੰਦ ਕਰਨ ਦੇ ਨਿਰਧਾਰਤ ਸਮੇਂ ਸਬੰਧੀ ਪ੍ਰਬੰਧਾਂ ਤੋਂ ਛੋਟ ਦਿੰਦਿਆਂ ਨਵਾਂ ਹੁਕਮ ਜਾਰੀ ਕੀਤਾ ਹੈ।
ਇਸ ਤਹਿਤ ਐਤਵਾਰ ਸਮੇਤ ਹਫ਼ਤੇ ਦੇ ਕਿਸੇ ਵੀ ਦਿਨ ਕਾਰੋਬਾਰ ਕੀਤਾ ਜਾ ਸਕੇਗਾ। ਹਾਲਾਂਕਿ 24×7 ਕਾਰੋਬਾਰ ਦੀ ਇਜਾਜ਼ਤ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ ਅਤੇ ਅਦਾਰਿਆਂ ਲਈ ਲਾਗੂ ਕਿਰਤ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਪਹਿਲਾਂ ਦਿੱਤੀ ਗਈ ਇਹ ਇਜਾਜ਼ਤ ਸਮਾਂਬੱਧ ਸੀ, ਜਿਸ ਦੀ ਮਿਆਦ ਖ਼ਤਮ ਹੋ ਚੁੱਕੀ ਸੀ। ਨਵੇਂ ਹੁਕਮਾਂ ਤਹਿਤ ਇਹ ਵਿਵਸਥਾ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ।
ਕਰਮਚਾਰੀ 24 ਘੰਟੇ ਕੰਮ ਨਹੀਂ ਕਰੇਗਾ
ਦੁਕਾਨ 24 ਘੰਟੇ ਖੁੱਲ੍ਹੀ ਰੱਖਣ ਦੀ ਇਜਾਜ਼ਤ ਦਾ ਮਤਲਬ ਇਹ ਨਹੀਂ ਕਿ ਕਿਸੇ ਕਰਮਚਾਰੀ ਤੋਂ 24 ਘੰਟੇ ਕੰਮ ਲਿਆ ਜਾ ਸਕੇਗਾ। ਕਾਰੋਬਾਰੀਆਂ ਨੂੰ ਤੈਅ ਕਰਨਾ ਹੋਵੇਗਾ ਕਿ ਕਿਹੜਾ ਕਰਮਚਾਰੀ ਕਿੰਨੇ ਘੰਟੇ ਅਤੇ ਕਿਹੜੀ ਸ਼ਿਫਟ ਵਿੱਚ ਕੰਮ ਕਰੇਗਾ। ਕੋਡ ਆਨ ਵੇਜਿਜ਼, ਕੋਡ ਆਨ ਸੋਸ਼ਲ ਸਕਿਓਰਿਟੀ, ਇੰਡਸਟਰੀਅਲ ਰਿਲੇਸ਼ਨਜ਼ ਕੋਡ ਅਤੇ ਆਕਿਊਪੇਸ਼ਨਲ ਸੇਫਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨਜ਼ ਕੋਡ ਸਮੇਤ ਲਾਗੂ ਕਿਰਤ ਕਾਨੂੰਨਾਂ ਦੀ ਪਾਲਣਾ ਲਾਜ਼ਮੀ ਹੋਵੇਗੀ।
ਮਹਿਲਾ ਕਰਮਚਾਰੀਆਂ ਦੀ ਨਾਈਟ ਸ਼ਿਫਟ ਲਈ ਵੱਖਰੇ ਨਿਯਮ
ਮਹਿਲਾ ਕਰਮਚਾਰੀਆਂ ਨੂੰ ਰਾਤ ਦੀ ਸ਼ਿਫਟ ਵਿੱਚ ਲਗਾਉਣ ਸਬੰਧੀ ਕਿਰਤ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਇਸ ਤੋਂ ਇਲਾਵਾ ਕੰਮਕਾਜ ਵਾਲੀ ਥਾਂ ’ਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ 2013 ਦੇ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਵੀ ਲਾਜ਼ਮੀ ਹੋਵੇਗੀ।
ਬਾਲ ਮਜ਼ਦੂਰੀ ’ਤੇ ਕੋਈ ਛੋਟ ਨਹੀਂ
ਬਾਲ ਅਤੇ ਕਿਸ਼ੋਰ ਮਜ਼ਦੂਰੀ ਨਾਲ ਸਬੰਧਤ ਕਾਨੂੰਨ ਵੀ ਲਾਗੂ ਰਹਿਣਗੇ। ਚਾਈਲਡ ਐਂਡ ਐਡੋਲਸੈਂਟ ਲੇਬਰ ਐਕਟ, 1986 ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।
ਨਿਯਮ ਤੋੜਨ ’ਤੇ 24×7 ਦੀ ਛੋਟ ਹੋ ਸਕਦੀ ਹੈ ਵਾਪਸ
24×7 ਕਾਰੋਬਾਰ ਦੀ ਇਜਾਜ਼ਤ ਬਿਨਾਂ ਸ਼ਰਤ ਨਹੀਂ ਹੈ। ਜੇਕਰ ਕੋਈ ਦੁਕਾਨ ਜਾਂ ਅਦਾਰਾ ਹੁਕਮ ਦੀਆਂ ਸ਼ਰਤਾਂ ਜਾਂ ਐਕਟ ਦੇ ਕਿਸੇ ਹੋਰ ਪ੍ਰਬੰਧ ਦੀ ਉਲੰਘਣਾ ਕਰਦਾ ਹੈ ਤਾਂ ਸਮਰੱਥ ਅਧਿਕਾਰੀ ਉਸ ਦੀ 24×7 ਸੰਚਾਲਨ ਦੀ ਛੋਟ ਵਾਪਸ ਲੈ ਸਕਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸਬੰਧਤ ਅਦਾਰੇ ਨੂੰ ਆਪਣਾ ਪੱਖ ਰੱਖਣ ਦਾ ਉਚਿਤ ਮੌਕਾ ਦਿੱਤਾ ਜਾਵੇਗਾ।
ਪੁਲਿਸ-ਪ੍ਰਸ਼ਾਸਨ ਕਰੇਗਾ ਸੁਰੱਖਿਆ ਦੇ ਪ੍ਰਬੰਧ
24 ਘੰਟੇ ਕਾਰੋਬਾਰ ਕਰਨ ਵਾਲੇ ਵਪਾਰੀਆਂ ਨਾਲ ਤਾਲਮੇਲ ਕਰਕੇ ਪੁਲਿਸ-ਪ੍ਰਸ਼ਾਸਨ ਨੂੰ ਸੁਰੱਖਿਆ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ ਇਹ ਲਾਜ਼ਮੀ ਨਹੀਂ ਕਿ ਹਰ ਦੁਕਾਨਦਾਰ ਜਾਂ ਵਪਾਰਕ ਅਦਾਰਾ 24 ਘੰਟੇ ਆਪਣੀ ਦੁਕਾਨ ਖੁੱਲ੍ਹੀ ਰੱਖੇ।
