ਅੰਮ੍ਰਿਤਪਾਲ ਕੇਸ ‘ਚ 8 ਮੁਲਜ਼ਮਾਂ ਦੇ ਬਿਆਨ ਦਰਜ, 12 ਅਕਤੂਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਅੰਮ੍ਰਿਤਪਾਲ ਸਿੰਘ ਨਾਲ ਜੁੜੇ FIR ਨੰਬਰ 39 ਮਾਮਲੇ ਵਿੱਚ ਕਾਨੂੰਨੀ ਕਾਰਵਾਈ ਅੱਗੇ ਵਧ ਰਹੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਧਾਰਾ 313 ਤਹਿਤ 8 ਮੁਲਜ਼ਮਾਂ ਦੇ ਬਿਆਨ ਦਰਜ ਕੀਤੇ ਗਏ। ਮੁਲਜ਼ਮਾਂ ਦੇ ਵਕੀਲ ਰਿਤੁ ਰਾਜ ਸਿੰਘ ਸੰਧੂ ਨੇ ਅਦਾਲਤ ਦੇ ਬਾਹਰ ਮੀਡੀਆ ਨੂੰ ਇਸ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ।
ਵਕੀਲ ਰਿਤੁ ਰਾਜ ਸਿੰਘ ਸੰਧੂ ਮੁਤਾਬਕ ਸੁਣਵਾਈ ਦੌਰਾਨ 4 ਮੁਲਜ਼ਮ—ਸਰਬਜੀਤ ਸਿੰਘ ਕਲਸੀ, ਪੱਪਲਪ੍ਰੀਤ ਸਿੰਘ, ਵਰਿੰਦਰ ਫੌਜੀ ਅਤੇ ਮਨਪ੍ਰੀਤ ਸਿੰਘ ਖੁਦ ਅਦਾਲਤ ਵਿੱਚ ਹਾਜ਼ਰ ਹੋਏ। ਉੱਥੇ ਹੀ ਅਮਨਦੀਪ ਸਿੰਘ ਪੰਚਗਰਾਈਂ ਸਮੇਤ ਹੋਰ 4 ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ।
ਨਵੇਂ ਸਬੂਤਾਂ ਕਾਰਨ ਮੁੜ ਦਰਜ ਹੋਏ ਬਿਆਨ
ਵਕੀਲ ਮੁਤਾਬਕ ਸਰਕਾਰੀ ਵਕੀਲ ਵੱਲੋਂ ਪੇਸ਼ ਕੀਤੇ ਗਏ ਨਵੇਂ ਸਬੂਤਾਂ ਕਾਰਨ ਧਾਰਾ 313 ਤਹਿਤ ਮੁੜ ਬਿਆਨ ਦਰਜ ਕਰਨਾ ਕਾਨੂੰਨੀ ਤੌਰ ‘ਤੇ ਜ਼ਰੂਰੀ ਸੀ। ਬਿਆਨ ਦਰਜ ਕਰਵਾਉਂਦੇ ਸਮੇਂ ਸਾਰੇ ਮੁਲਜ਼ਮਾਂ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਝੂਠਾ ਦੱਸਦਿਆਂ ਖੁਦ ਨੂੰ ਬੇਕਸੂਰ ਕਿਹਾ।
ਬਚਾਅ ਪੱਖ ਨੇ ਦਲੀਲ ਦਿੱਤੀ ਕਿ ਘਟਨਾ ਵਾਲੀ ਥਾਂ ‘ਤੇ ਮੁਲਜ਼ਮਾਂ ਦੀ ਮੌਜੂਦਗੀ ਜਾਂ ਕਿਸੇ ਨੂੰ ਉਕਸਾਉਣ ਸਬੰਧੀ ਕੋਈ ਠੋਸ ਸਬੂਤ ਮੌਜੂਦ ਨਹੀਂ ਹੈ।
12 ਅਕਤੂਬਰ ਨੂੰ ਅਗਲੀ ਸੁਣਵਾਈ
ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 12 ਅਕਤੂਬਰ ਦੀ ਤਾਰੀਖ ਤੈਅ ਕੀਤੀ ਹੈ। ਵਕੀਲ ਸੰਧੂ ਨੇ ਦੱਸਿਆ ਕਿ ਧਾਰਾ 313 ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਅਗਲੀ ਤਾਰੀਖ ‘ਤੇ ਕਿਸੇ ਵੀ ਮੁਲਜ਼ਮ ਲਈ ਨਿੱਜੀ ਤੌਰ ‘ਤੇ ਅਦਾਲਤ ਵਿੱਚ ਪੇਸ਼ ਹੋਣਾ ਲਾਜ਼ਮੀ ਨਹੀਂ ਹੋਵੇਗਾ।
ਅਗਲੀ ਸੁਣਵਾਈ ਦੌਰਾਨ ਬਚਾਅ ਪੱਖ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਬੂਤਾਂ ‘ਤੇ ਵਿਚਾਰ ਅਤੇ ਬਹਿਸ ਕੀਤੀ ਜਾਵੇਗੀ।
