ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ’ਚ ਪੱਥਰਬਾਜ਼ੀ, 3 ਗ੍ਰਿਫ਼ਤਾਰ; 2 ਫਰਾਰ
Stone-pelting at historic Gurdwara Sri Manji Sahib: ਲੁਧਿਆਣਾ: ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਦੇ ਲੰਗਰ ਹਾਲ ਵਿੱਚ ਹੱਥ ਧੋਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪਰਿਸਰ ਵਿੱਚ ਪੱਥਰਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਗੁਰਦੁਆਰਾ ਪ੍ਰਬੰਧਕ ਹਰਦੀਪ ਸਿੰਘ ਮੁਤਾਬਕ, ਕੁਝ ਵਿਅਕਤੀ ਲੰਗਰ ਹਾਲ ਵਿੱਚ ਆਏ ਸਨ। ਇਸ ਤੋਂ ਪਹਿਲਾਂ ਉਹ ਪਖਾਨੇ ਗਏ ਸਨ ਅਤੇ ਵਾਪਸ ਆਉਣ ਤੋਂ ਬਾਅਦ ਹੱਥ ਧੋਏ ਬਿਨਾਂ ਲੰਗਰ ਹਾਲ ਵਿੱਚ ਦਾਖ਼ਲ ਹੋ ਰਹੇ ਸਨ। ਸੇਵਾਦਾਰ ਵੱਲੋਂ ਉਨ੍ਹਾਂ ਨੂੰ ਪਹਿਲਾਂ ਹੱਥ ਧੋਣ ਲਈ ਕਹਿਣ ’ਤੇ ਕਥਿਤ ਤੌਰ ’ਤੇ ਤਕਰਾਰ ਹੋ ਗਈ।
ਪ੍ਰਬੰਧਕ ਮੁਤਾਬਕ ਬਾਅਦ ਵਿੱਚ ਉਨ੍ਹਾਂ ਨੇ ਹੱਥ ਧੋ ਕੇ ਲੰਗਰ ਛਕਿਆ ਅਤੇ ਉੱਥੋਂ ਚਲੇ ਗਏ। ਕੁਝ ਸਮੇਂ ਬਾਅਦ ਕਥਿਤ ਤੌਰ ’ਤੇ ਨੇੜਲੇ ਖਾਲੀ ਪਲਾਟ ਵੱਲੋਂ ਗੁਰਦੁਆਰਾ ਪਰਿਸਰ ਵਿੱਚ ਪੱਥਰ ਸੁੱਟੇ ਗਏ। ਲੰਗਰ ਹਾਲ ਦੇ ਨੇੜੇ ਬਰਤਨਾਂ ਦੀ ਸੇਵਾ ਕਰ ਰਹੀਆਂ ਔਰਤਾਂ ਵੀ ਮੌਜੂਦ ਸਨ। ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਥਾਣਾ ਡੇਹਲੋਂ ਦੇ ਮੁਖੀ ਗੁਰਮੀਤ ਸਿੰਘ ਮੁਤਾਬਕ ਪੁਲਿਸ ਨੇ ਜੀਆ ਲਾਲ ਸਦਾ, ਰਾਜ ਕੁਮਾਰ ਅਤੇ ਬਲੀ ਰਾਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਪ੍ਰਦੀਪ ਕੁਮਾਰ ਅਤੇ ਮਨੀਸ਼ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ। ਗੁਰਦੁਆਰਾ ਪ੍ਰਬੰਧਕ ਦੀ ਸ਼ਿਕਾਇਤ ’ਤੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਘਟਨਾ ਤੋਂ ਬਾਅਦ ਕੁਝ ਨਿਹੰਗ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਘਟਨਾ ਨਾਲ ਸਬੰਧਤ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
