ਤਰਨਤਾਰਨ: 16 ਸਾਲਾ ਨਾਬਾਲਿਗ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ, ਪਰਿਵਾਰ ਨੇ ਅਗਵਾ ਕਰਨ ਦੇ ਲਗਾਏ ਦੋਸ਼
Tarn Taran Girl Missing; ਤਰਨਤਾਰਨ ਦੇ ਪਿੰਡ ਬੁੱਘਾ ਤੋਂ 16 ਸਾਲਾ ਨਾਬਾਲਿਗ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਧੀ, ਜੋ ਦਸਵੀਂ ਜਮਾਤ ਵਿੱਚ ਪੜ੍ਹਦੀ ਹੈ, 8 ਅਗਸਤ 2026 ਦੀ ਰਾਤ ਕਰੀਬ 8:15 ਵਜੇ ਘਰ ਤੋਂ ਲਾਪਤਾ ਹੋ ਗਈ ਸੀ।
ਸ਼ਿਕਾਇਤਕਰਤਾ ਮੁਤਾਬਕ, ਘਟਨਾ ਸਮੇਂ ਉਹ ਕਿਸੇ ਨਿੱਜੀ ਕੰਮ ਲਈ ਗੁਆਂਢੀ ਦੇ ਘਰ ਗਈ ਹੋਈ ਸੀ। ਜਦੋਂ ਉਹ ਵਾਪਸ ਘਰ ਆਈ ਤਾਂ ਉਸਦੀ ਧੀ ਘਰ ਵਿੱਚ ਮੌਜੂਦ ਨਹੀਂ ਸੀ। ਪਰਿਵਾਰ ਵੱਲੋਂ ਲੜਕੀ ਦੀ ਰਿਸ਼ਤੇਦਾਰਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਾਫ਼ੀ ਭਾਲ ਕੀਤੀ ਗਈ, ਪਰ ਉਸਦਾ ਕੋਈ ਪਤਾ ਨਹੀਂ ਲੱਗ ਸਕਿਆ।
ਲੜਕੀ ਦੀ ਮਾਂ ਨੇ ਪਿੰਡ ਵਾਸੀ ਕੇਹਰ ਸ਼ੇਰ ਸਿੰਘ ਪੁੱਤਰ ਬਘੇਲ ਸਿੰਘ ਵਾਸੀ ਬੁੱਘਾ ’ਤੇ ਸ਼ੱਕ ਜ਼ਾਹਰ ਕਰਦਿਆਂ ਦੋਸ਼ ਲਗਾਇਆ ਕਿ ਉਹ ਉਸਦੀ ਧੀ ਨੂੰ ਵਰਗਲਾ-ਫੁਸਲਾ ਕੇ ਆਪਣੇ ਨਾਲ ਲੈ ਗਿਆ ਹੋ ਸਕਦਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਨੂੰ ਉਸ ਨੌਜਵਾਨ ਅਤੇ ਉਸਦੇ ਸਾਥੀਆਂ ਵੱਲੋਂ ਕਥਿਤ ਤੌਰ ’ਤੇ ਅਗਵਾ ਕੀਤਾ ਗਿਆ ਹੈ।
ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਲੜਕੀ ਨੂੰ ਜਲਦ ਬਰਾਮਦ ਕੀਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇੱਕ ਹਫ਼ਤੇ ਬਾਅਦ ਵੀ ਨਹੀਂ ਮਿਲਿਆ ਸੁਰਾਗ
ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਦੇ ਲਾਪਤਾ ਹੋਏ ਇੱਕ ਹਫ਼ਤਾ ਬੀਤ ਚੁੱਕਾ ਹੈ, ਪਰ ਅਜੇ ਤੱਕ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਕਥਿਤ ਤੌਰ ’ਤੇ ਰਾਜਨੀਤਿਕ ਦਬਾਅ ਕਾਰਨ ਉਨ੍ਹਾਂ ’ਤੇ ਰਾਜ਼ੀਨਾਮੇ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਲੜਕੀ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਸਿਰਫ਼ ਮੁੱਖ ਦੋਸ਼ੀ ਹੀ ਨਹੀਂ, ਸਗੋਂ ਉਸਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਵੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ 16 ਸਾਲਾ ਨਾਬਾਲਿਗ ਧੀ ਨਾਲ ਇਨਸਾਫ਼ ਹੋਣਾ ਚਾਹੀਦਾ ਹੈ।
ਪੁਲਿਸ ਵੱਲੋਂ ਜਾਂਚ ਜਾਰੀ
ਪੁਲਿਸ ਰਿਕਾਰਡ ਮੁਤਾਬਕ 11 ਅਗਸਤ 2026 ਨੂੰ ਲੜਕੀ ਦੀ ਮਾਂ ਦੇ ਬਿਆਨ ਦਰਜ ਕੀਤੇ ਗਏ ਹਨ। ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ BNS ਦੀ ਧਾਰਾ 137(2) ਅਤੇ 96 ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਲੜਕੀ ਦੀ ਭਾਲ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
