Banner
Banner

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ‘ਖੁਆਰ ਹੋਏ ਸਭ ਮਿਲੈਂਗੇ’ ਧਰਮ ਪ੍ਰਚਾਰ ਲਹਿਰ ਦਾ ਹੋਇਆ ਆਗਾਜ਼

Sri Amritsar, April 15; ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਅੱਜ ਨਗਾਰਾ ਵਜਾ ਕੇ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਵਿੱਚ ਸਥਿਤ ਗੁਰਦੁਆਰਾ ਜਨਮ ਅਸਥਾਨ ਭਾਈ ਜੀਵਨ ਸਿੰਘ ਪਿੰਡ ਗੱਗੋ ਮਾਹਲ ਤੋਂ “ਖੁਆਰ ਹੋਏ […]
Jaspreet Singh
By : Updated On: 15 Apr 2025 19:14:PM
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ‘ਖੁਆਰ ਹੋਏ ਸਭ ਮਿਲੈਂਗੇ’ ਧਰਮ ਪ੍ਰਚਾਰ ਲਹਿਰ ਦਾ ਹੋਇਆ ਆਗਾਜ਼
Jathedar Giani Kuldeep Singh Gargajj

Sri Amritsar, April 15; ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਅੱਜ ਨਗਾਰਾ ਵਜਾ ਕੇ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਵਿੱਚ ਸਥਿਤ ਗੁਰਦੁਆਰਾ ਜਨਮ ਅਸਥਾਨ ਭਾਈ ਜੀਵਨ ਸਿੰਘ ਪਿੰਡ ਗੱਗੋ ਮਾਹਲ ਤੋਂ “ਖੁਆਰ ਹੋਏ ਸਭ ਮਿਲੈਂਗੇ” ਧਰਮ ਪ੍ਰਚਾਰ ਲਹਿਰ ਸ਼ੁਰੂ ਕਰ ਦਿੱਤੀ ਹੈ। ਇਹ ਲਹਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਤਰਫੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਨਗਰ ਅਤੇ ਇਲਾਕੇ ਦੀ ਸੰਗਤ ਨੇ ਸ਼ਮੂਲੀਅਤ ਕੀਤੀ। ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜਿਆ। ਗੁਰਮਤਿ ਸਮਾਗਮ ਦੀ ਸਮਾਪਤੀ ਸਮੇਂ ਅਰਦਾਸ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਖੁਦ ਕੀਤੀ ਗਈ।

ਆਪਣੇ ਸੰਬੋਧਨ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ‘ਖੁਆਰ ਹੋਏ ਸਭ ਮਿਲੈਂਗੇ’ ਧਰਮ ਪ੍ਰਚਾਰ ਲਹਿਰ ਤਹਿਤ ਪੰਜਾਬ ਤੇ ਹੋਰ ਸੂਬਿਆਂ ਦੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਤੇ ਸੰਦੇਸ਼ ਨੂੰ ਪਹੁੰਚਾਇਆ ਜਾਵੇਗਾ ਅਤੇ ਵੱਧ ਤੋਂ ਵੱਧ ਸੰਗਤ ਨੂੰ ਅੰਮ੍ਰਿਤਪਾਨ ਕਰਨ ਲਈ ਪ੍ਰੇਰਿਆ ਜਾਵੇਗਾ।
ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਅਤੇ ਸਿੱਖੀ ਬਾਣੇ ਨਾਲ ਜੁੜਨ ਲਈ ਪ੍ਰੇਰਣਾ ਕੀਤੀ ਜਾਵੇਗੀ। ਇਸ ਲਹਿਰ ਤਹਿਤ ਪੰਜਾਬ ਅੰਦਰ ਪਿਛਲੇ ਸਮੇਂ ਤੋਂ ਹੋ ਰਹੇ ਧਰਮ ਪਰਿਵਰਤਨ ਨੂੰ ਠੱਲ੍ਹਣ ਦੇ ਨਾਲ-ਨਾਲ ਸਿੱਖ ਜਥੇਬੰਦੀਆਂ ਵਿਚਕਾਰ ਇਕਜੁੱਟਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਲਹਿਰ ਤਹਿਤ ਲਗਾਤਾਰ ਇੱਕ ਸਾਲ ਪਿੰਡਾਂ ਤੇ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਪੜਾਅ ਦਰ ਪੜਾਅ ਸਮਾਗਮ ਕੀਤੇ ਜਾਣਗੇ ਅਤੇ ਸੰਗਤ ਕਰਕੇ ਪਰਿਵਾਰਾਂ ਨੂੰ ਗੁਰਬਾਣੀ ਤੇ ਗੁਰਮਤਿ ਨਾਲ ਜੋੜਿਆ ਜਾਵੇਗਾ।

ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਹ ਖੁਦ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਵਿੱਚ ਜਾਣਗੇ ਅਤੇ ਸਿੱਖੀ ਦਾ ਪ੍ਰਚਾਰ ਕਰਨਗੇ ਤੇ ਸਿੱਖੀ ਤੋਂ ਦੂਰ ਹੋਏ ਭੈਣ ਭਰਾਵਾਂ ਨੂੰ ਨਾਲ ਜੋੜਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਿੱਖ ਵਿਰੋਧੀ ਡੇਰਾਵਾਦ ਵੀ ਇੱਕ ਵੱਡੀ ਸਮੱਸਿਆ ਹੈ ਜਿਸ ਨੂੰ ਇਕਜੁੱਟਤਾ ਨਾਲ ਠੱਲ੍ਹਣ ਦੀ ਲੋੜ ਹੈ। ਅੱਜ ਤੋਂ ਲਗਭਗ 100 ਸਾਲ ਪਹਿਲਾਂ ਜਦੋਂ ਚਾਰ ਸਿੱਖਾਂ ਨੇ ਅੰਮ੍ਰਿਤਸਰ ਵਿੱਚ ਐਲਾਨ ਕੀਤਾ ਕਿ ਉਹ ਧਰਮ ਪਰਿਵਰਤਨ ਕਰ ਰਹੇ ਹਨ ਤਾਂ ਉਸ ਸਮੇਂ ਦੇ ਉੱਘੇ ਸਿੱਖ ਵਿਦਵਾਨਾਂ ਨੇ ਸਮੁੱਚਾ ਸਿੱਖ ਪੰਥ ਇਕੱਠਾ ਕੀਤਾ ਤੇ ਸਿੰਘ ਸਭਾ ਲਹਿਰ ਸ਼ੁਰੂ ਕੀਤੀ ਸੀ। ਇਹ ਸਚਾਈ ਹੈ ਕਿ ਅੱਜ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਐਸੀਆਂ ਸਾਜ਼ਸ਼ਾਂ ਚੱਲੀਆਂ ਜਾ ਰਹੀਆਂ ਹਨ ਕੇ ਸਿੱਖੀ ਦੀ ਘੱਟ ਸਮਝ ਰੱਖਣ ਵਾਲੇ ਸਿੱਖ ਪਰਿਵਾਰਾਂ ਦਾ ਧਰਮ ਪਰਿਵਰਤਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੱਚਾ ਸਿੱਖ ਬੰਦ ਬੰਦ ਕਟਵਾ ਲੈਂਦਾ ਹੈ ਪਰ ਸਿੱਖੀ ਨਹੀਂ ਛੱਡਦਾ। ਪੰਜਾਬ ਅੰਦਰ ਪਤਿਤਪੁਣੇ ਤੇ ਨਸ਼ਿਆਂ ਦਾ ਵਹਿਣ ਹੈ ਪਰ ਗੁਰੂ ਨੇ ਸਾਨੂੰ ਸਾਬਤ ਸੂਰਤ ਰਹਿਣ ਦੀ ਰਹਿਤ ਬਖ਼ਸ਼ੀ ਹੈ ਤੇ ਨਸ਼ਾ ਕੇਵਲ ਭੋਜਨ ਤੇ ਗੁਰਬਾਣੀ ਦਾ ਰੱਖਣ ਲਈ ਪ੍ਰੇਰਿਤ ਕੀਤਾ ਹੈ।ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕੀ ਅਰਦਾਸ ਤੋਂ ਬਾਅਦ ਪੜ੍ਹੇ ਜਾਣ ਵਾਲੇ ਦੋਹਰੇ ਦਾ ਬਹੁਤ ਵੱਡਾ ਮਹੱਤਵ ਹੈ, ਇਸ ਵਿੱਚ ਕਿਹਾ ਜਾਂਦਾ ਹੈ ਕਿ ਖੁਆਰ ਹੋਏ ਸਭ ਮਿਲੈਂਗੇ। ਅੱਜ ਅਸੀਂ ਖੁਆਰ ਹੋਏ ਹਾਂ ਪਰ ਅਸੀਂ ਦੁਬਾਰਾ ਇਕੱਤਰ ਹੋਵਾਂਗੇ, ਅਸੀਂ ਪਿੰਡ-ਪਿੰਡ ਪਹੁੰਚ ਕੇ ਆਪਣੇ ਪਰਿਵਾਰਾਂ ਵਿੱਚ ਬੈਠਾਂਗੇ ਉਨ੍ਹਾਂ ਦੀ ਗੱਲ ਸੁਣਾਂਗੇ। ਗੁਰੂ ਸਾਹਿਬ ਦੇ ਫ਼ਲਸਫ਼ੇ ਵਿੱਚ ਕੋਈ ਭੇਦਭਾਵ ਨਹੀਂ ਹੈ ਅਸੀਂ ਸਭ ਗੁਰਭਾਈ ਹਾਂ ਅਤੇ ਇੱਕ ਸਾਂਝਾ ਪਰਿਵਾਰ ਹਾਂ। ਭੁੱਲੇ ਭਟਕੇ ਲੋਕਾਂ ਨੂੰ ਝੂਠੇ ਦਿਲਾਸੇ, ਲਾਲਚ ਵੱਸ ਅਤੇ ਪਖੰਡਵਾਦ ਰਾਹੀਂ ਭਰਮਾ ਲਿਆ ਜਾਂਦਾ ਹੈ ਪਰ ਸੱਚਾ ਸਿੱਖ ਹਮੇਸ਼ਾ ਸਿੱਖੀ ਵਿੱਚ ਪ੍ਰਪੱਕ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਦਾ ਇੱਕ ਵੱਡਾ ਕਾਰਨ ਹੈ ਕਿ ਅੱਜ ਅਸੀਂ ਗੁਰੂ ਤੋਂ ਦੂਰ ਹੋ ਗਏ ਹਾਂ।

ਉਨ੍ਹਾਂ ਕਿਹਾ ਕਿ ਪੰਜਾਬ ਬਾਰੇ ਗਲਤ ਬਿਰਤਾਂਤ ਘੜਿਆ ਜਾਂਦਾ ਹੈ ਕਿ ਇੱਥੇ ਜਾਤੀ ਵਿਤਕਰਾ ਹੈ ਪਰ ਇਹ ਗੁਰੂ ਸਾਹਿਬਾਨ ਦੀ ਧਰਤੀ ਹੈ ਇੱਥੇ ਅਜਿਹਾ ਨਹੀਂ ਹੈ। ਪੰਜਾਬ ਅੰਦਰ ਰਗਰੇਟੇ ਸਿੱਖਾਂ ਨੂੰ ਵੱਖ ਕਰਨ ਦਾ ਵੀ ਬਿਰਤਾਂਤ ਸਾਜ਼ਸ਼ ਤਹਿਤ ਚਲਾਇਆ ਗਿਆ ਸੀ ਪਰ ਸਿੱਖ ਇਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਸਿੱਖਾਂ ਵਿੱਚ ਆਪਸੀ ਖਾਨਾਜੰਗੀ ਨੂੰ ਵੀ ਰੋਕਣ ਦੀ ਲੋੜ ਹੈ, ਅੱਜ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਉਨ੍ਹਾਂ ਉੱਤੇ ਕਾਬਜ਼ ਹੋਣ ਦੀਆਂ ਸਾਜ਼ਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਦਸਵੰਧ ਕੱਢਣ ਦਾ ਸਿਧਾਂਤ ਬਖਸ਼ਿਆ ਹੈ ਅਤੇ ਹਰ ਇਲਾਕੇ ਵਿੱਚ ਸਿੱਖ ਸੰਗਤ ਦਾ ਫਰਜ਼ ਬਣਦਾ ਹੈ ਕੀ ਦਸਵੰਧ ਕੱਢ ਕੇ ਲੋੜਵੰਦ ਪਰਿਵਾਰਾਂ ਦੀ ਸਾਰਥਕ ਢੰਗ ਨਾਲ ਸਿੱਧੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਪੰਜਾਬ ਦੇ ਲੋੜਵੰਦਾਂ ਲਈ ਦਸਵੰਧ ਕੱਢਣ ਵਾਲੇ ਸਿੱਖ ਪਰਿਵਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਵੱਲੋਂ ਭੇਜਿਆ ਦਸਵੰਧ ਸਹੀ ਜਗ੍ਹਾ ਪਹੁੰਚ ਰਿਹਾ ਹੈ ਜਾਂ ਨਹੀਂ। ਉਨ੍ਹਾਂ ਸੰਗਤ ਨੂੰ ਕਿਹਾ ਕਿ ਅਸੀਂ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੇ ਵਾਰਿਸ ਹਾਂ ਇਸ ਲਈ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਅੱਗੇ ਆਈਏ।

Read Latest News and Breaking News at Daily Post TV, Browse for more News

Ad
Ad