ਤਿੰਨ ਦੋਸਤਾਂ ਨੇ ਖਾਧੀ ਜ਼ਹਿਰੀਲੀ ਚੀਜ਼, 13 ਸਾਲਾ ਨਾਬਾਲਗ ਦੀ ਮੌਤ
Three friends ate poisonous substance: ਨਵਾਂਸ਼ਹਿਰ: ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਗੜਪਧਾਣਾ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਤਿੰਨ ਦੋਸਤਾਂ ਵੱਲੋਂ ਕਥਿਤ ਤੌਰ ’ਤੇ ਕੋਈ ਜ਼ਹਿਰੀਲੀ ਚੀਜ਼ ਖਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਿੱਚ 13 ਸਾਲਾ ਪਰਮਜੀਤ ਸਿੰਘ ਖਾਲਸਾ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਪਿੰਡ ਦੇ ਸਰਪੰਚ ਮੁਤਾਬਕ ਤਿੰਨੇ ਨੌਜਵਾਨ ਆਪਸ ਵਿੱਚ ਦੋਸਤ ਸਨ। ਮੁੱਢਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਮੋਬਾਈਲ ’ਤੇ ਕੋਈ ਗੇਮ ਖੇਡੀ ਸੀ, ਜਿਸ ਦੌਰਾਨ ਕਥਿਤ ਤੌਰ ’ਤੇ ਉਸ ਦੇ ਕਾਫ਼ੀ ਪੈਸੇ ਹਾਰ ਗਏ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਡਰ ਕਾਰਨ ਤਿੰਨਾਂ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾਣ ਦੀ ਗੱਲ ਸਾਹਮਣੇ ਆ ਰਹੀ ਹੈ।
ਘਟਨਾ ਵਿੱਚ 21 ਸਾਲਾ ਦਿਲਪ੍ਰੀਤ ਸਿੰਘ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉੱਥੇ ਹੀ 15 ਸਾਲਾ ਮਨਿੰਦਰ ਸਿੰਘ ਦੀ ਹਾਲਤ ਫਿਲਹਾਲ ਕੁਝ ਬਿਹਤਰ ਦੱਸੀ ਜਾ ਰਹੀ ਹੈ।
ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਪਰਿਵਾਰਕ ਮੈਂਬਰਾਂ ਨੇ ਕੈਮਰੇ ਸਾਹਮਣੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਘਟਨਾ ਦੇ ਅਸਲ ਕਾਰਨਾਂ ਸਬੰਧੀ ਸਥਿਤੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
