ਪੰਜਾਬ ਦੇ ਯਾਤਰੀਆਂ ਲਈ ਵਿਦੇਸ਼ ਜਾਣਾ ਹੋਇਆ ਆਸਾਨ , Air India ਦੀ ‘ਈਜ਼ੀ ਕਨੈਕਟ’ ਸੇਵਾ ਲਾਂਚ
Amritsar Airport Air India Easy Connect; ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਹੁਣ ਵੱਡੀ ਰਾਹਤ ਮਿਲੇਗੀ। ਭਾਰਤ ਸਰਕਾਰ ਦੇ ਨਵੇਂ ਇੰਟਰਨੈਸ਼ਨਲ ਕਨੈਕਟੀਵਿਟੀ ਮਾਡਲ ਤਹਿਤ ਏਅਰ ਇੰਡੀਆ ਦੀ ‘ਈਜ਼ੀ ਕਨੈਕਟ’ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨੇ ਇਸ ਸੇਵਾ ਦਾ ਵਰਚੁਅਲ ਉਦਘਾਟਨ ਕੀਤਾ।
ਹੁਣ ਯਾਤਰੀ ਅੰਮ੍ਰਿਤਸਰ ਤੋਂ ਹੀ ਆਪਣੇ ਅੰਤਿਮ ਅੰਤਰਰਾਸ਼ਟਰੀ ਟਿਕਾਣੇ (Destination) ਤੱਕ ਚੈਕ-ਇਨ ਕਰ ਸਕਣਗੇ। ਦਿੱਲੀ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਨਾ ਤਾਂ ਮੁੜ ਬੈਗੇਜ ਚੈਕ-ਇਨ ਕਰਵਾਉਣਾ ਪਵੇਗਾ, ਨਾ ਹੀ ਟਰਮੀਨਲ ਬਦਲਣਾ ਪਵੇਗਾ ਅਤੇ ਨਾ ਹੀ ਦੁਬਾਰਾ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ। ਯਾਤਰੀ ਦਿੱਲੀ ਤੋਂ ਸਿੱਧੇ ਇੰਟਰਨੈਸ਼ਨਲ ਟ੍ਰਾਂਜ਼ਿਟ ਰਾਹੀਂ ਆਪਣੀ ਅਗਲੀ ਉਡਾਣ ਫੜ ਸਕਣਗੇ।
ਇਸ ਸੇਵਾ ਨਾਲ ਅਮਰੀਕਾ, ਕੈਨੇਡਾ, ਬ੍ਰਿਟੇਨ, ਯੂਰਪ, ਆਸਟ੍ਰੇਲੀਆ, ਪੱਛਮੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਸਮੇਤ 27 ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਸਫ਼ਰ ਪਹਿਲਾਂ ਨਾਲੋਂ ਤੇਜ਼, ਆਸਾਨ ਅਤੇ ਵਧੇਰੇ ਸੁਵਿਧਾਜਨਕ ਹੋ ਜਾਵੇਗਾ। ਇਸ ਨਾਲ ਪੰਜਾਬ ਦੇ ਯਾਤਰੀਆਂ ਦਾ ਸਮਾਂ ਬਚੇਗਾ ਅਤੇ ਅੰਤਰਰਾਸ਼ਟਰੀ ਹਵਾਈ ਸੰਪਰਕ ਹੋਰ ਮਜ਼ਬੂਤ ਹੋਵੇਗਾ।
ਰੋਜ਼ਾਨਾ ਦੋ ਉਡਾਣਾਂ ਚੱਲਣਗੀਆਂ
ਏਅਰ ਇੰਡੀਆ ਦੀ ਈਜ਼ੀ ਕਨੈਕਟ ਸੇਵਾ ਤਹਿਤ ਅੰਮ੍ਰਿਤਸਰ ਤੋਂ ਰੋਜ਼ਾਨਾ ਦੋ ਉਡਾਣਾਂ ਚੱਲਣਗੀਆਂ।
- AI-1113 ਸਵੇਰੇ 9:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 10:40 ਵਜੇ ਦਿੱਲੀ ਪਹੁੰਚੇਗੀ।
- AI-1115 ਰਾਤ 10:00 ਵਜੇ ਰਵਾਨਾ ਹੋ ਕੇ 11:20 ਵਜੇ ਦਿੱਲੀ ਪਹੁੰਚੇਗੀ।
ਦਿੱਲੀ ਪਹੁੰਚਣ ਤੋਂ ਕਰੀਬ ਚਾਰ ਘੰਟਿਆਂ ਦੇ ਅੰਦਰ ਯਾਤਰੀ ਆਪਣੀ ਅੰਤਰਰਾਸ਼ਟਰੀ ਕਨੈਕਟਿੰਗ ਫਲਾਈਟ ਫੜ ਸਕਣਗੇ।
ਕਿਹੜੇ ਦੇਸ਼ਾਂ ਲਈ ਮਿਲੇਗੀ ਸਹੂਲਤ?
ਇਸ ਸੇਵਾ ਰਾਹੀਂ ਯਾਤਰੀਆਂ ਨੂੰ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ (UK), ਯੂਰਪ, ਆਸਟ੍ਰੇਲੀਆ, ਪੱਛਮੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦੇ ਕਈ ਪ੍ਰਮੁੱਖ ਸ਼ਹਿਰਾਂ ਲਈ ਆਸਾਨ ਕਨੈਕਟਿਵਿਟੀ ਮਿਲੇਗੀ।
ਸਵੇਰ ਦੀ ਉਡਾਣ ਰਾਹੀਂ ਮੁੱਖ ਤੌਰ ‘ਤੇ ਯੂਰਪ ਅਤੇ ਕੁਝ ਏਸ਼ੀਆਈ ਸ਼ਹਿਰਾਂ ਲਈ ਕਨੈਕਸ਼ਨ ਮਿਲੇਗਾ, ਜਦਕਿ ਰਾਤ ਦੀ ਉਡਾਣ ਰਾਹੀਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਸਿੰਗਾਪੁਰ, ਦੁਬਈ, ਬਾਲੀ ਅਤੇ ਫੂਕੇਟ ਵਰਗੀਆਂ ਮੰਜ਼ਿਲਾਂ ਤੱਕ ਸੁਵਿਧਾਜਨਕ ਕਨੈਕਸ਼ਨ ਉਪਲਬਧ ਹੋਣਗੇ।
ਯਾਤਰੀਆਂ ਨੂੰ ਹੋਣਗੇ ਇਹ ਵੱਡੇ ਫਾਇਦੇ
- ਅੰਮ੍ਰਿਤਸਰ ਤੋਂ ਹੀ ਅੰਤਿਮ ਮੰਜ਼ਿਲ ਤੱਕ ਚੈਕ-ਇਨ ਦੀ ਸਹੂਲਤ।
- ਦਿੱਲੀ ਵਿੱਚ ਮੁੜ ਬੈਗੇਜ ਚੈਕ-ਇਨ ਦੀ ਲੋੜ ਨਹੀਂ।
- ਟਰਮੀਨਲ ਬਦਲਣ ਅਤੇ ਦੁਬਾਰਾ ਇਮੀਗ੍ਰੇਸ਼ਨ ਤੋਂ ਛੁਟਕਾਰਾ।
- ਸਫ਼ਰ ਦੌਰਾਨ ਸਮੇਂ ਦੀ ਬਚਤ ਅਤੇ ਘੱਟ ਝੰਜਟ।
- ਅੰਤਰਰਾਸ਼ਟਰੀ ਯਾਤਰਾ ਹੋਵੇਗੀ ਹੋਰ ਆਸਾਨ ਅਤੇ ਸੁਖਾਲੀ।
ਟਿਕਟ ਕਿੱਥੋਂ ਬੁੱਕ ਹੋਵੇਗੀ?
ਯਾਤਰੀ ਏਅਰ ਇੰਡੀਆ ਦੀ ਅਧਿਕਾਰਤ ਵੈੱਬਸਾਈਟ, ਮੋਬਾਈਲ ਐਪ, ਕਾਂਟੈਕਟ ਸੈਂਟਰ ਜਾਂ ਅਧਿਕਾਰਤ ਟ੍ਰੈਵਲ ਏਜੰਟਾਂ ਰਾਹੀਂ ਟਿਕਟ ਬੁੱਕ ਕਰ ਸਕਦੇ ਹਨ।
ਕੀ DigiYatra ਲਾਜ਼ਮੀ ਹੈ?
ਈਜ਼ੀ ਕਨੈਕਟ ਸੇਵਾ ਰਾਹੀਂ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਭਾਰਤੀ ਪਾਸਪੋਰਟ ਧਾਰਕਾਂ ਲਈ DigiYatra ਵਿੱਚ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ।
ਪੰਜਾਬ ਨੂੰ ਕੀ ਹੋਵੇਗਾ ਫਾਇਦਾ?
ਇਸ ਸੇਵਾ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨਾਲ ਸੰਪਰਕ ਹੋਰ ਮਜ਼ਬੂਤ ਹੋਵੇਗਾ। ਇਸ ਤੋਂ ਇਲਾਵਾ ਸੈਰ-ਸਪਾਟਾ, ਵਪਾਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਵੀ ਨਵਾਂ ਉਤਸ਼ਾਹ ਮਿਲੇਗਾ।
ਭਾਰਤ ਸਰਕਾਰ ਦਾ ਮਕਸਦ ਵਿਦੇਸ਼ੀ ਟ੍ਰਾਂਜ਼ਿਟ ਹੱਬਾਂ ‘ਤੇ ਨਿਰਭਰਤਾ ਘਟਾ ਕੇ ਭਾਰਤ ਨੂੰ ਇੱਕ ਮਜ਼ਬੂਤ ਗਲੋਬਲ ਏਵੀਏਸ਼ਨ ਹੱਬ ਵਜੋਂ ਵਿਕਸਤ ਕਰਨਾ ਹੈ।
ਸਰਕਾਰ ਮੁਤਾਬਕ, ਅਗਲੇ ਦੋ ਮਹੀਨਿਆਂ ਵਿੱਚ ਅੰਮ੍ਰਿਤਸਰ ਲਈ ਇਨਬਾਊਂਡ ‘ਈਜ਼ੀ ਕਨੈਕਟ’ ਸੇਵਾ ਵੀ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ।
