ਅਮਰੀਕਾ ’ਚ ਫੁੱਟਬਾਲ ਮੈਚ ਦੌਰਾਨ ਮੈਦਾਨ ’ਚ ਵੜਿਆ ਟਰੱਕ, 6 ਸਾਲਾ ਬੱਚੇ ਸਮੇਤ 2 ਦੀ ਮੌਤ
Truck enters field during football match; 2 dead: ਨਵੀਂ ਦਿੱਲੀ: ਅਮਰੀਕਾ ਦੇ ਕੈਨਸਸ ਸੂਬੇ ਦੇ ਵਿਚਿਟਾ ਸ਼ਹਿਰ ਵਿੱਚ ਸ਼ਨੀਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਸਟ੍ਰਾਈਕਰ ਸਪੋਰਟਸ ਕੰਪਲੈਕਸ ਵਿੱਚ ਬੱਚਿਆਂ ਦੇ ਫੁੱਟਬਾਲ ਮੈਚ ਦੌਰਾਨ ਇੱਕ ਟਰੱਕ ਅਚਾਨਕ ਮੈਦਾਨ ਵਿੱਚ ਜਾ ਵੜਿਆ। ਇਸ ਹਾਦਸੇ ਵਿੱਚ 6 ਸਾਲਾ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ, ਮ੍ਰਿਤਕ ਦੂਜਾ ਵਿਅਕਤੀ 35 ਸਾਲ ਦਾ ਸੀ। ਦੋਵਾਂ ਨੂੰ ਘਟਨਾ ਸਥਾਨ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮਾਮੂਲੀ ਤੋਂ ਲੈ ਕੇ ਗੰਭੀਰ ਸੱਟਾਂ ਲੱਗੀਆਂ ਹਨ, ਪਰ ਕਿਸੇ ਦੀ ਜਾਨ ਨੂੰ ਖ਼ਤਰਾ ਨਹੀਂ ਹੈ।
ਟਰੱਕ ਚਲਾ ਰਹੀ ਔਰਤ ਪੁਲਿਸ ਹਿਰਾਸਤ ’ਚ
ਵਿਚਿਟਾ ਪੁਲਿਸ ਦੇ ਕੈਪਟਨ ਐਰੋਨ ਮੋਸੇਸ ਨੇ ਦੱਸਿਆ ਕਿ ਟਰੱਕ 34 ਸਾਲਾ ਔਰਤ ਚਲਾ ਰਹੀ ਸੀ। ਹਾਦਸੇ ਤੋਂ ਬਾਅਦ ਟਰੱਕ ਸਪੋਰਟਸ ਕੰਪਲੈਕਸ ਦੇ ਪੱਛਮੀ ਸਿਰੇ ’ਤੇ ਸਥਿਤ ਇੱਕ ਮੈਦਾਨ ਵਿੱਚ ਜਾ ਕੇ ਰੁਕਿਆ। ਔਰਤ ਪੁਲਿਸ ਹਿਰਾਸਤ ਵਿੱਚ ਹੈ ਅਤੇ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ। ਪੁਲਿਸ ਚੀਫ਼ ਸੁਲੀਵਨ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਹਾਦਸੇ ਦੌਰਾਨ ਕੀ ਵਾਪਰਿਆ, ਇਸ ਬਾਰੇ ਜਾਣਕਾਰੀ ਮਿਲ ਗਈ ਹੈ, ਪਰ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਾਦਸਾ ਕਿਉਂ ਵਾਪਰਿਆ।
ਜ਼ਖ਼ਮੀਆਂ ’ਚ ਕਈ ਬੱਚੇ ਵੀ ਸ਼ਾਮਲ
ਪੁਲਿਸ ਮੁਤਾਬਕ, ਜ਼ਖ਼ਮੀਆਂ ਵਿੱਚ 5 ਸਾਲ ਦੇ ਦੋ, 8 ਸਾਲ ਦੇ ਦੋ ਅਤੇ 9 ਸਾਲ ਦਾ ਇੱਕ ਬੱਚਾ ਸ਼ਾਮਲ ਹੈ। ਇਸ ਤੋਂ ਇਲਾਵਾ ਪੰਜ ਬਾਲਗ ਵੀ ਜ਼ਖ਼ਮੀ ਹੋਏ ਹਨ। ਇੱਕ ਹੋਰ ਬਾਲਗ ਨੂੰ ਸਿਹਤ ਸਬੰਧੀ ਹੋਰ ਸਮੱਸਿਆਵਾਂ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਵਿਚਿਟਾ ਦੀ ਮੇਅਰ ਲਿਲੀ ਵੂ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਲਈ ਇਹ ਬਹੁਤ ਦੁਖਦਾਈ ਦਿਨ ਹੈ। ਪਰਿਵਾਰ ਸ਼ਨੀਵਾਰ ਦੀ ਦੁਪਹਿਰ ਆਪਣੇ ਬੱਚਿਆਂ ਨੂੰ ਫੁੱਟਬਾਲ ਖੇਡਦੇ ਦੇਖਣ ਲਈ ਕੰਪਲੈਕਸ ਵਿੱਚ ਆਏ ਸਨ। ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਖ਼ੁਸ਼ੀਆਂ ਭਰਿਆ ਇਹ ਸਮਾਂ ਅਜਿਹੇ ਦਰਦਨਾਕ ਹਾਦਸੇ ਵਿੱਚ ਬਦਲ ਜਾਵੇਗਾ।
