ਟਰੰਪ ਦੀ ਕੈਨੇਡਾ ਨੂੰ ਟੈਰਿਫ ਧਮਕੀ, ਕਾਰਾਂ-ਟਰੱਕਾਂ-ਸਟੀਲ ‘ਤੇ 50% ਡਿਊਟੀ ਦਾ ਐਲਾਨ
Donald Trump Tariff Announcement; ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨਾਲ ਵਪਾਰਕ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਹੈ ਕਿ 1 ਜਨਵਰੀ 2027 ਤੋਂ ਕੈਨੇਡਾ ਤੋਂ ਆਉਣ ਵਾਲੀਆਂ ਕਾਰਾਂ, ਟਰੱਕਾਂ, ਆਟੋਮੋਬਾਈਲ ਪਾਰਟਸ ਅਤੇ ਸਟੀਲ ‘ਤੇ ਅਮਰੀਕਾ ਵੱਲੋਂ ਟੈਰਿਫ ਵਧਾ ਕੇ 50 ਫੀਸਦੀ ਕਰ ਦਿੱਤਾ ਜਾਵੇਗਾ।
ਟਰੰਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ ਜਿਹੜੀਆਂ ਕੰਪਨੀਆਂ ਅਮਰੀਕਾ ਵਿੱਚ ਹੀ ਉਤਪਾਦਨ ਕਰਨਗੀਆਂ, ਉਨ੍ਹਾਂ ‘ਤੇ ਕੋਈ ਟੈਰਿਫ ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਕੈਨੇਡਾ ਨਾਲ ਕਿਸੇ ਵਿਸ਼ੇਸ਼ ਰਾਜ ਵਾਂਗ ਵਿਹਾਰ ਨਹੀਂ ਕੀਤਾ ਜਾਵੇਗਾ।
ਟਰੰਪ ਨੇ ਕੈਨੇਡਾ ‘ਤੇ ਵਪਾਰਕ ਨੀਤੀਆਂ ਨੂੰ ਲੈ ਕੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਨੇਡਾ ਆਪਣੇ ਆਪ ਨੂੰ ਮਹੱਤਵਪੂਰਨ ਸਮਝਦਾ ਹੈ, ਪਰ ਅਸਲ ਵਿੱਚ ਉਸ ਨੂੰ ਅਮਰੀਕਾ ਦੀ ਜ਼ਿਆਦਾ ਲੋੜ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਕੈਨੇਡਾ ‘ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ।
ਵਪਾਰਕ ਗੱਲਬਾਤ ਰਹੀ ਅਸਫਲ
ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਮਝੌਤੇ ਨੂੰ ਲੈ ਕੇ ਚੱਲ ਰਹੀ ਗੱਲਬਾਤ ਸ਼ੁੱਕਰਵਾਰ ਦੇਰ ਰਾਤ ਅਸਫਲ ਹੋ ਗਈ ਸੀ। ਕੈਨੇਡਾ ਨੇ ਅਮਰੀਕੀ ਉਤਪਾਦਾਂ ‘ਤੇ ਟੈਰਿਫ ਦੇ ਜਵਾਬ ਵਿੱਚ ਆਪਣੇ ਵੱਲੋਂ ਵੀ ਕੁਝ ਵਸਤੂਆਂ ‘ਤੇ ਟੈਰਿਫ ਲਗਾਉਣ ਦੀ ਤਿਆਰੀ ਕਰ ਲਈ ਸੀ।
ਦੋਵਾਂ ਦੇਸ਼ਾਂ ਨੇ ਗੱਲਬਾਤ ਫੇਲ੍ਹ ਹੋਣ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ। ਹਾਲਾਂਕਿ ਇਸ ਮਾਮਲੇ ‘ਤੇ ਵ੍ਹਾਈਟ ਹਾਊਸ ਅਤੇ ਕੈਨੇਡੀਅਨ ਸਰਕਾਰ ਵੱਲੋਂ ਅਜੇ ਤੱਕ ਕੋਈ ਤੁਰੰਤ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।
ਆਟੋ ਕੰਪਨੀਆਂ ਨੇ ਜਤਾਇਆ ਸ਼ੱਕ
ਟਰੰਪ ਦੇ ਐਲਾਨ ਤੋਂ ਬਾਅਦ ਵੱਡੀਆਂ ਆਟੋਮੋਬਾਈਲ ਕੰਪਨੀਆਂ ਵੱਲੋਂ ਕੋਈ ਤੁਰੰਤ ਟਿੱਪਣੀ ਨਹੀਂ ਕੀਤੀ ਗਈ। ਹਾਲਾਂਕਿ ਉਦਯੋਗ ਨਾਲ ਜੁੜੇ ਮਾਹਰਾਂ ਨੇ ਇਸ ਐਲਾਨ ‘ਤੇ ਸਵਾਲ ਚੁੱਕੇ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਪਹਿਲਾਂ ਵੀ ਕਈ ਵਾਰ ਵੱਡੇ ਟੈਰਿਫ ਐਲਾਨ ਕਰ ਚੁੱਕੇ ਹਨ, ਜੋ ਬਾਅਦ ਵਿੱਚ ਲਾਗੂ ਨਹੀਂ ਹੋਏ। ਉਨ੍ਹਾਂ ਦਾ ਮੰਨਣਾ ਹੈ ਕਿ ਇੰਨੇ ਵੱਡੇ ਟੈਰਿਫ ਨਾਲ ਕੈਨੇਡਾ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਹੈ, ਜਿਸ ਦਾ ਅਸਰ ਦੋਵਾਂ ਦੇਸ਼ਾਂ ਦੇ ਵਪਾਰ ‘ਤੇ ਪੈ ਸਕਦਾ ਹੈ।
ਮਾਹਰਾਂ ਮੁਤਾਬਕ ਇਹ ਐਲਾਨ ਅਮਰੀਕਾ-ਕੈਨੇਡਾ ਵਿਚਕਾਰ ਮੁੜ ਵਪਾਰਕ ਗੱਲਬਾਤ ਸ਼ੁਰੂ ਕਰਨ ਲਈ ਇੱਕ ਦਬਾਅ ਦੀ ਰਣਨੀਤੀ ਵੀ ਹੋ ਸਕਦਾ ਹੈ।
