ਨਾਬਾਲਿਗ ਨਾਲ ਜਬਰ-ਜਨਾਹ ਮਾਮਲੇ ’ਚ ਦੋ ਦੋਸ਼ੀਆਂ ਨੂੰ 20-20 ਸਾਲ ਦੀ ਕੈਦ
Two accused sentenced to 20 years in prison in rape case: ਸ਼ਿਮਲਾ: ਰਾਮਪੁਰ ਸਥਿਤ ਵਿਸ਼ੇਸ਼ ਕਿੰਨੌਰ POCSO ਅਦਾਲਤ ਨੇ ਨਾਬਾਲਿਗ ਲੜਕੀ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ 20-20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵਾਂ ’ਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਸਜ਼ਾ ਪਾਉਣ ਵਾਲਿਆਂ ਦੀ ਪਛਾਣ ਤਬਰੇਜ਼ ਆਲਮ ਉਰਫ਼ ਬਿਰਾਜ ਅਤੇ ਲਖਿੰਦਰ ਉਰਫ਼ ਲੱਕੀ ਵਜੋਂ ਹੋਈ ਹੈ। ਸਰਕਾਰੀ ਵਕੀਲ ਕਮਲ ਚੰਦੇਲ ਮੁਤਾਬਕ ਘਟਨਾ 26 ਸਤੰਬਰ 2025 ਦੀ ਹੈ। ਦੋਸ਼ ਹੈ ਕਿ ਰਾਮਲੀਲਾ ਦੇਖ ਕੇ ਵਾਪਸ ਆ ਰਹੀ ਨਾਬਾਲਿਗ ਨੂੰ ਦੋਵੇਂ ਮੁਲਜ਼ਮ ਇੱਕ ਪਿਕਅੱਪ ਗੱਡੀ ਵਿੱਚ ਜ਼ਬਰਦਸਤੀ ਬਿਠਾ ਕੇ ਨੇੜਲੇ ਜੰਗਲ ਵਿੱਚ ਲੈ ਗਏ, ਜਿੱਥੇ ਉਸ ਨਾਲ ਜਬਰ-ਜਨਾਹ ਕੀਤਾ ਗਿਆ।
ਪੀੜਤਾ ਵੱਲੋਂ ਰੌਲਾ ਪਾਉਣ ’ਤੇ ਦੋਸ਼ੀ ਉਸ ਨੂੰ ਸੜਕ ’ਤੇ ਛੱਡ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਅਤੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ।
ਸੁਣਵਾਈ ਦੌਰਾਨ ਸਰਕਾਰੀ ਪੱਖ ਵੱਲੋਂ 15 ਗਵਾਹਾਂ ਦੇ ਬਿਆਨ ਦਰਜ ਕਰਵਾਏ ਗਏ। ਅਦਾਲਤ ਨੇ ਗਵਾਹੀਆਂ ਅਤੇ ਪੁਲਿਸ ਵੱਲੋਂ ਪੇਸ਼ ਕੀਤੇ ਵਿਗਿਆਨਕ ਤੇ ਹਾਲਾਤੀ ਸਬੂਤਾਂ ਦੇ ਆਧਾਰ ’ਤੇ ਦੋਵਾਂ ਨੂੰ ਦੋਸ਼ੀ ਕਰਾਰ ਦਿੰਦਿਆਂ 20-20 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ।
