ਤਪਾ ਮੰਡੀ ’ਚ ਬਿਜਲੀ ਕਰੰਟ ਲੱਗਣ ਨਾਲ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ
Two migrant laborers die from electric shock: ਤਪਾ ਮੰਡੀ (ਬਰਨਾਲਾ): ਤਪਾ ਮੰਡੀ ਦੀ ਅਨਾਜ ਮੰਡੀ ਵਿੱਚ ਬਿਜਲੀ ਕਰੰਟ ਲੱਗਣ ਕਾਰਨ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇੱਕ ਮਜ਼ਦੂਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੱਕ ਹੋਰ ਮਜ਼ਦੂਰ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਆੜ੍ਹਤੀ ਵੱਲੋਂ ਮਜ਼ਦੂਰਾਂ ਤੋਂ ਉਨ੍ਹਾਂ ਦੇ ਨਿਰਧਾਰਤ ਕੰਮ ਦੀ ਬਜਾਏ ਬਿਜਲੀ ਦੀਆਂ ਤਾਰਾਂ ਜੋੜਨ ਦਾ ਕੰਮ ਕਰਵਾਇਆ ਜਾ ਰਿਹਾ ਸੀ।
ਮ੍ਰਿਤਕਾਂ ਦੀ ਪਛਾਣ ਬਿਹਾਰ ਵਾਸੀ 42 ਸਾਲਾ ਰੂਲਦ ਪਾਸਵਾਨ ਅਤੇ 19 ਸਾਲਾ ਸਚਿਨ ਕੁਮਾਰ ਵਜੋਂ ਹੋਈ ਹੈ। ਹਾਦਸੇ ਵਿੱਚ ਜ਼ਖ਼ਮੀ 45 ਸਾਲਾ ਰਣਜੀਤ ਰਾਮ ਦਾ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਚੌਥੇ ਮਜ਼ਦੂਰ ਪਾਸਵਾਨ ਨੇ ਦੱਸਿਆ ਕਿ ਆੜ੍ਹਤੀ ਵੱਲੋਂ ਉਨ੍ਹਾਂ ਨੂੰ ਬਿਜਲੀ ਵਾਲੇ ਪੱਖੇ ਦੀਆਂ ਤਾਰਾਂ ਜੋੜਨ ਲਈ ਕਿਹਾ ਗਿਆ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ।
ਆੜ੍ਹਤੀ ’ਤੇ ਲਾਪਰਵਾਹੀ ਦੇ ਦੋਸ਼
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਝੋਨੇ ਦੇ ਸੀਜ਼ਨ ਦੌਰਾਨ ਤਪਾ ਮੰਡੀ ਵਿੱਚ ਇੱਕ ਆੜ੍ਹਤੀ ਦੀ ਦੁਕਾਨ ’ਤੇ ਮਜ਼ਦੂਰੀ ਕਰਨ ਆਏ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਮਜ਼ਦੂਰਾਂ ਤੋਂ ਅਨਾਜ ਮੰਡੀ ਵਿੱਚ ਕੰਮ ਕਰਵਾਉਣ ਦੀ ਬਜਾਏ ਬਿਜਲੀ ਦੀਆਂ ਤਾਰਾਂ ਜੋੜਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਬਿਜਲੀ ਦੇ ਕੰਮ ਦੀ ਜਾਣਕਾਰੀ ਨਾ ਰੱਖਣ ਵਾਲੇ ਮਜ਼ਦੂਰਾਂ ਤੋਂ ਅਜਿਹਾ ਕੰਮ ਕਰਵਾਉਣਾ ਵੱਡੀ ਲਾਪਰਵਾਹੀ ਹੈ। ਪਰਿਵਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਹਾਦਸੇ ਕਾਰਨ ਦੋਵਾਂ ਪਰਿਵਾਰਾਂ ਵਿੱਚ ਮਾਤਮ ਛਾ ਗਿਆ। ਰੂਲਦ ਪਾਸਵਾਨ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ, ਜਦਕਿ ਸਚਿਨ ਕੁਮਾਰ ਦੇ ਪਰਿਵਾਰ ਵਿੱਚ ਮਾਪੇ, ਤਿੰਨ ਭਰਾ ਅਤੇ ਇੱਕ ਛੋਟੀ ਭੈਣ ਹਨ।
ਦੋ ਮਜ਼ਦੂਰਾਂ ਦੀ ਮੌਤ, ਇੱਕ ਦਾ ਇਲਾਜ ਜਾਰੀ
ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਕਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਬਿਜਲੀ ਕਰੰਟ ਲੱਗਣ ਤੋਂ ਬਾਅਦ ਤਿੰਨ ਮਜ਼ਦੂਰ ਹਸਪਤਾਲ ਲਿਆਂਦੇ ਗਏ ਸਨ। ਉਨ੍ਹਾਂ ਵਿੱਚੋਂ ਦੋ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਦਕਿ ਇੱਕ ਦਾ ਇਲਾਜ ਕੀਤਾ ਜਾ ਰਿਹਾ ਹੈ। ਥਾਣਾ ਤਪਾ ਦੇ ਐੱਸਐੱਚਓ ਅਮਰੀਕ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਤੋਂ ਪੁਲਿਸ ਨੂੰ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
