ਹਮੀਰਾ (ਕਪੂਰਥਲਾ) ‘ਚ ਨਸ਼ਾ ਕਰਦੇ ਦੋ ਨੌਜਵਾਨ ਕਾਬੂ, ਕਿਸਾਨ ਆਗੂ ਨੇ ਲਾਈਵ ਹੋ ਕੇ ਸਰਕਾਰ ਨੂੰ ਘੇਰਿਆ
Latest News: ਕਪੂਰਥਲਾ ਦੇ ਪਿੰਡ ਹਮੀਰਾ ਨਜ਼ਦੀਕ ਦੋ ਨੌਜਵਾਨਾਂ ਨੂੰ ਨਸ਼ੀਲਾ ਟੀਕਾ ਲਗਾਉਂਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਗਮੀਤ ਸਿੰਘ ਗੱਗੀ ਹਮੀਰਾ ਨੇ ਰੰਗੇ ਹੱਥੀਂ ਫੜਿਆ। ਘਟਨਾ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਲਾਈਵ ਹੋਏ ਅਤੇ ਸਰਕਾਰ ਤੋਂ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਕਈ ਗੰਭੀਰ ਸਵਾਲ ਖੜ੍ਹੇ ਕੀਤੇ।
ਕਿਸਾਨ ਆਗੂ ਨੇ ਕਿਹਾ ਕਿ ਪਿੰਡ ਵਿੱਚ ਨਸ਼ੇ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਹਰ ਰੋਜ਼ ਨੌਜਵਾਨ ਨਸ਼ੇ ਦੀ ਲਤ ਨਾਲ ਬਰਬਾਦ ਹੋ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਕਈ ਵਾਰ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਹਾਲਾਤ ਵਿੱਚ ਕੋਈ ਵੱਡਾ ਸੁਧਾਰ ਨਹੀਂ ਆਇਆ।
ਉਹਨਾਂ ਕਿਹਾ, “ਪੁਲਿਸ ਕਦੇ–ਕਦੇ ਇੱਕ–ਦੋ ਨਸ਼ੇੜੀ ਫੜ ਕੇ ਲੈ ਜਾਂਦੀ ਹੈ ਪਰ ਬਾਕੀ ਨੌਜਵਾਨ ਫਿਰ ਵੀ ਨਸ਼ਾ ਕਰਦੇ ਘੁੰਮਦੇ ਰਹਿੰਦੇ ਹਨ। ਪੰਜਾਬ ਦੀ ਨੌਜਵਾਨੀ ਨਸ਼ੇ ਦੇ ਟੀਕਿਆਂ ਨਾਲ ਕਿਉਂ ਮਰ ਰਹੀ ਹੈ, ਇਸਦਾ ਜਵਾਬ ਕੌਣ ਦੇਵੇ?”
ਜਗਮੀਤ ਸਿੰਘ ਗੱਗੀ ਦੇ ਬੁਲਾਰੇ ਮੁਤਾਬਕ, ਉਹਨਾਂ ਨੇ ਮੌਕੇ ‘ਤੇ ਥਾਣਾ ਸੁਭਾਨਪੁਰ ਦੇ ਐਸਐਚਓ ਬਿਕਰਮਜੀਤ ਸਿੰਘ ਚੌਹਾਨ ਨੂੰ ਸੱਦਾ ਦਿੱਤਾ। ਪੁਲਿਸ ਨੇ ਪਹੁੰਚ ਕੇ ਦੋਵੇਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਪਿੰਡ ਵਾਸੀਆਂ ਦੇ ਮੁਤਾਬਕ, ਇਲਾਕੇ ਵਿੱਚ ਨਸ਼ੇ ਦੀ ਸਮੱਸਿਆ ਚਿੰਤਾਜਨਕ ਰੂਪ ਧਾਰ ਰਹੀ ਹੈ ਅਤੇ ਲੋਕ ਪ੍ਰਸ਼ਾਸਨ ਤੋਂ ਕੜੀ ਕਾਰਵਾਈ ਦੀ ਮੰਗ ਕਰ ਰਹੇ ਹਨ।