ਸਰੀ ਦੇ ਪੰਜਾਬੀ ਇਲਾਕੇ ਵਿੱਚ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਗੈਂਗਵਾਰ ਦੀ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ। ਪੰਜਾਬੀ ਬਹੁਲਤਾ ਵਾਲੇ ਨਿਊਟਨ ਇਲਾਕੇ ਵਿੱਚ ਐਤਵਾਰ ਰਾਤ ਨੂੰ ਇੱਕ ਅੰਡਰਗਰਾਊਂਡ ਪਾਰਕਿੰਗ ਲੋਟ ਵਿੱਚ ਦੋ ਨੌਜਵਾਨਾਂ (ਉਮਰ 16 ਅਤੇ 18 ਸਾਲ) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਪੁਲੀਸ ਅਤੇ ਕੈਨੇਡੀਅਨ ਮੀਡੀਆ ਵੱਲੋਂ ਅਜੇ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ, ਪਰ ਇਲਾਕੇ ਦੇ ਪੰਜਾਬੀ ਗੜ੍ਹ ਹੋਣ ਕਾਰਨ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕ ਪੰਜਾਬੀ ਮੂਲ ਦੇ ਸਨ।
ਸਰੀ ਪੁਲੀਸ ਅਨੁਸਾਰ ਇਹ ਘਟਨਾ 10 ਮਈ ਦੀ ਰਾਤ ਕਰੀਬ 10 ਵਜੇ 133B ਸਟਰੀਟ ਦੇ 7000-ਬਲਾਕ ਵਿੱਚ ਵਾਪਰੀ। ਗੋਲੀਆਂ ਚੱਲਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ, ਜਿੱਥੇ ਦੋਵੇਂ ਨੌਜਵਾਨ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੇ। ਪੈਰਾਮੈਡਿਕਸ ਵੱਲੋਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਗੈਂਗਵਾਰ ਨਾਲ ਜੁੜੇ ਤਾਰ
ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਮਾਮਲੇ ਦੀ ਜਾਂਚ ਸੰਭਾਲ ਲਈ ਹੈ। ਪੁਲੀਸ ਦਾ ਮੰਨਣਾ ਹੈ ਕਿ ਇਹ ਕਤਲ ਸੋਚੀ-ਸਮਝੀ ਸਾਜ਼ਿਸ਼ (Targeted Killing) ਦਾ ਨਤੀਜਾ ਹੈ ਅਤੇ ਇਸ ਦਾ ਸਬੰਧ ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੇ ਖੂਨੀ ਗੈਂਗ ਸੰਘਰਸ਼ ਨਾਲ ਹੈ। ਜਾਂਚ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦਾ ਸਬੰਧ ਸੰਗਠਿਤ ਅਪਰਾਧਿਕ ਗਤੀਵਿਧੀਆਂ ਨਾਲ ਹੋ ਸਕਦਾ ਹੈ।
ਸਬੂਤ ਮਿਟਾਉਣ ਦੀ ਕੋਸ਼ਿਸ਼
ਵਾਰਦਾਤ ਤੋਂ ਕੁਝ ਦੇਰ ਬਾਅਦ ਹੀ ਘਟਨਾ ਸਥਾਨ ਤੋਂ ਕੁਝ ਦੂਰੀ ’ਤੇ ਇੱਕ ਸਲੇਟੀ ਰੰਗ ਦੀ ਚਾਰ ਦਰਵਾਜ਼ਿਆਂ ਵਾਲੀ ਸੇਡਾਨ ਕਾਰ ਸੜੀ ਹੋਈ ਹਾਲਤ ਵਿੱਚ ਮਿਲੀ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਸੇ ਗੱਡੀ ਦੀ ਵਰਤੋਂ ਕੀਤੀ ਸੀ ਅਤੇ ਬਾਅਦ ਵਿੱਚ ਸਬੂਤ ਨਸ਼ਟ ਕਰਨ ਲਈ ਇਸ ਨੂੰ ਅੱਗ ਲਗਾ ਦਿੱਤੀ।
ਭਾਈਚਾਰੇ ਵਿੱਚ ਚਿੰਤਾ
IHIT ਦੀ ਬੁਲਾਰਾ ਸਾਰਜੈਂਟ ਫਰੀਦਾ ਫੋਂਗ ਨੇ ਕਿਹਾ ਕਿ ਇਸ ਘਟਨਾ ਨੇ ਦੋ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਰਾਤ 9 ਤੋਂ 11 ਵਜੇ ਦੇ ਦਰਮਿਆਨ ਦੀ ਕੋਈ ਡੈਸ਼ਕੈਮ ਫੁਟੇਜ ਜਾਂ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਸਾਂਝੀ ਕਰਨ।
ਸਰਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਇਸ ਵਧ ਰਹੀ ਹਿੰਸਾ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦਾ ਗੈਂਗਵਾਰ ਦੀ ਭੇਟ ਚੜ੍ਹਨਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।