Banner
Banner

ਜਿੰਨਾ ਚਿਰ ਵਿਰੋਧੀਆਂ ਕੋਲੋਂ ਉਹ 10 ਕਰੋੜ ਦੀ ਸਰਕਾਰੀ ਪ੍ਰਾਪਰਟੀ (ਜ਼ਮੀਨ) ਮੁਕਤ ਨਹੀਂ ਕਰਵਾ ਲੈਂਦਾ, ਉੱਨਾ ਚਿਰ ਮੈਂ ਖ਼ੁਦ ਨੰਗੇ ਪੈਰੀਂ ਰਹਾਂਗਾ – ਵਿਧਾਇਕ ਦਿਆਲਪੁਰਾ

Samrala Nagar Council Elections: ਸਮਰਾਲਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖੋ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਪੂਰੀ ਸਰਗਰਮੀ ਨਾਲ ਕੀਤਾ ਜਾ ਰਿਹਾ ਹੈ। ਪਰ ਇਸੇ ਚੋਣ ਪ੍ਰਚਾਰ ਦੌਰਾਨ ਸਮਰਾਲਾ ਵਿਖੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਇੱਕ ਅਜਿਹਾ ਇਤਿਹਾਸਿਕ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨੇ ਪੂਰੇ ਪੰਜਾਬ ਦੀ ਸਿਆਸਤ […]
Jaspreet Singh
By : Updated On: 21 May 2026 21:47:PM
ਜਿੰਨਾ ਚਿਰ ਵਿਰੋਧੀਆਂ ਕੋਲੋਂ ਉਹ 10 ਕਰੋੜ ਦੀ ਸਰਕਾਰੀ ਪ੍ਰਾਪਰਟੀ (ਜ਼ਮੀਨ) ਮੁਕਤ ਨਹੀਂ ਕਰਵਾ ਲੈਂਦਾ, ਉੱਨਾ ਚਿਰ ਮੈਂ ਖ਼ੁਦ ਨੰਗੇ ਪੈਰੀਂ ਰਹਾਂਗਾ – ਵਿਧਾਇਕ ਦਿਆਲਪੁਰਾ

Samrala Nagar Council Elections: ਸਮਰਾਲਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖੋ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਪੂਰੀ ਸਰਗਰਮੀ ਨਾਲ ਕੀਤਾ ਜਾ ਰਿਹਾ ਹੈ। ਪਰ ਇਸੇ ਚੋਣ ਪ੍ਰਚਾਰ ਦੌਰਾਨ ਸਮਰਾਲਾ ਵਿਖੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਇੱਕ ਅਜਿਹਾ ਇਤਿਹਾਸਿਕ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨੇ ਪੂਰੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਵਿਧਾਇਕ ਨੇ ਵਿਰੋਧੀਆਂ ਨੂੰ ਵੰਗਾਰਦਿਆਂ ਮੌਕੇ ‘ਤੇ ਹੀ ਆਪਣੇ ਪੈਰਾਂ ਵਿੱਚੋਂ ਬੂਟ ਉਤਾਰ ਦਿੱਤੇ ਅਤੇ ਇੱਕ ਬੇਹੱਦ ਸਖ਼ਤ ਪ੍ਰਣ ਲੈ ਲਿਆ।

ਕੀ ਹੈ ‘ਆਪ’ ਵਿਧਾਇਕ ਦਾ ਇਤਿਹਾਸਿਕ ਐਲਾਨ?


ਚੋਣ ਪ੍ਰਚਾਰ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਵਿਧਾਇਕ ਨੇ ਆਪਣੇ ਬੂਟ ਉਤਾਰ ਕੇ ਰਹਿਣ ਦਾ ਐਲਾਨ ਕੀਤਾ। ਉਹਨਾਂ ਬੜੇ ਹਿੰਮਤੀ ਲਹਿਜੇ ਵਿੱਚ ਕਿਹਾ:


ਮੈਂ ਅੱਜ ਐਲਾਨ ਕਰਦਾ ਹਾਂ ਕਿ ਜਿੰਨਾ ਚਿਰ ਵਿਰੋਧੀਆਂ ਕੋਲੋਂ ਉਹ 10 ਕਰੋੜ ਦੀ ਸਰਕਾਰੀ ਪ੍ਰਾਪਰਟੀ (ਜ਼ਮੀਨ) ਮੁਕਤ ਨਹੀਂ ਕਰਵਾ ਲੈਂਦਾ, ਉੱਨਾ ਚਿਰ ਮੈਂ ਖ਼ੁਦ ਨੰਗੇ ਪੈਰੀਂ ਰਹਾਂਗਾ। ਇਸ ਅੱਤ ਦੀ ਗਰਮੀ ਵਿੱਚ ਵੀ ਚੋਣ ਪ੍ਰਚਾਰ ਨੰਗੇ ਪੈਰੀਂ ਹੋਵੇਗਾ ਅਤੇ ਪੈਰਾਂ ਵਿੱਚ ਬੂਟ ਉਸੇ ਦਿਨ ਪਾਵਾਂਗਾ ਜਿਸ ਦਿਨ ਉਹ ਜ਼ਮੀਨ ਛੁਡਵਾ ਕੇ ਜਨਤਾ ਦੇ ਹਵਾਲੇ ਕਰਾਂਗਾ।”

ਆਖ਼ਰ ਕਿਉਂ ਕੀਤਾ ਗਿਆ ਵਿਧਾਇਕ ਵੱਲੋਂ ਇਹ ਐਲਾਨ?

ਦਰਅਸਲ, ਇਹ ਸਾਰਾ ਮਾਮਲਾ ਬੁੱਧਵਾਰ ਨੂੰ ਉਸ ਵੇਲੇ ਸ਼ੁਰੂ ਹੋਇਆ ਜਦੋਂ ਸਮਰਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵੱਲੋਂ ਚੋਣ ਪ੍ਰਚਾਰ ਨੰਗੇ ਪੈਰੀਂ ਕਰਨ ਦਾ ਐਲਾਨ ਕੀਤਾ ਗਿਆ ਸੀ। ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਉਹਨਾਂ (ਅਕਾਲੀ ਦਲ) ਨਾਲ ਸੱਤਾਧਾਰੀ ‘ਆਪ’ ਪਾਰਟੀ ਵੱਲੋਂ ਸਿਆਸੀ ਧੱਕਾ ਕੀਤਾ ਗਿਆ ਹੈ, ਜਿਸ ਦੇ ਰੋਸ ਵਜੋਂ ਅਤੇ ਜਨਤਾ ਦੀ ਕਚਹਿਰੀ ਵਿੱਚ ਨਿਆਂ ਮੰਗਣ ਲਈ ਉਹ ਨੰਗੇ ਪੈਰੀਂ ਵੋਟਾਂ ਮੰਗਣਗੇ।

ਅਕਾਲੀ ਦਲ ਦੇ ਇਸੇ ‘ਨੰਗੇ ਪੈਰੀਂ’ ਚੋਣ ਪ੍ਰਚਾਰ ਅਤੇ ਧੱਕੇਸ਼ਾਹੀ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ‘ਆਪ’ ਵਿਧਾਇਕ ਨੇ ਕਿਹਾ ਕਿ ਵਿਰੋਧੀ ਧਿਰਾਂ ਮਗਰਮੱਛ ਦੇ ਹੰਝੂ ਵਹਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਉਹ ਆਪਣੇ ਆਪ ਨੂੰ ਜਿਤਾਉਣ ਅਤੇ ਪ੍ਰਧਾਨਗੀ ਹਾਸਿਲ ਕਰਨ ਲਈ ਨੰਗੇ ਪੈਰੀਂ ਘੁੰਮ ਰਹੇ ਹਨ। ਵਿਧਾਇਕ ਨੇ ਦੋਸ਼ ਲਾਇਆ ਕਿ ਵਿਰੋਧੀਆਂ ਨੇ ਮੇਨ ਬਾਈਪਾਸ ‘ਤੇ ਸ਼ਹਿਰ ਦੀ 10 ਕਰੋੜ ਦੀ ਸਰਕਾਰੀ ਪ੍ਰਾਪਰਟੀ ਦੱਬੀ ਹੋਈ ਹੈ। ਇਸ ਲਈ, ਜੇ ਤਿਆਗ ਕਰਨਾ ਹੈ ਤਾਂ ਜਨਤਾ ਦੇ ਹਿੱਤਾਂ ਲਈ ਹੋਣਾ ਚਾਹੀਦਾ ਹੈ, ਨਾ ਕਿ ਖ਼ੁਦ ਦੀ ਸਿਆਸਤ ਚਮਕਾਉਣ ਲਈ।

ਇਸ ਹਲਚਲ ਭਰੇ ਬਿਆਨ ਅਤੇ ਵਿਧਾਇਕ ਵੱਲੋਂ ਲਾਈਵ ਕੈਮਰੇ ਸਾਹਮਣੇ ਬੂਟ ਉਤਾਰਨ ਤੋਂ ਬਾਅਦ ਪੂਰੇ ਸਮਰਾਲਾ ਹਲਕੇ ਦੇ ਵਿੱਚ ਸਿਆਸੀ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ। ਨਗਰ ਕੌਂਸਲ ਚੋਣਾਂ, ਜੋ ਪਹਿਲਾਂ ਹੀ ਦਿਲਚਸਪ ਸਨ, ਹੁਣ ਪੂਰੀ ਤਰ੍ਹਾਂ ‘ਨੰਗੇ ਪੈਰੀਂ ਚੋਣ ਪ੍ਰਚਾਰ’ ਦੇ ਦੋ-ਪਾਸੜ ਮੁਕਾਬਲੇ ਵਿੱਚ ਬਦਲ ਚੁੱਕੀਆਂ ਹਨ। ਬਾਜ਼ਾਰਾਂ, ਚੌਕਾਂ ਅਤੇ ਸੋਸ਼ਲ ਮੀਡੀਆ ‘ਤੇ ਇਸ ਵੇਲੇ ਸਿਰਫ਼ ਇਸੇ ਗੱਲ ਦੀਆਂ ਚਰਚਾਵਾਂ ਛਿੜ ਗਈਆਂ ਹਨ ਕਿ ਦੇਖਦੇ ਹਾਂ ਹੁਣ ਇਹ 10 ਕਰੋੜ ਦੀ ਸਰਕਾਰੀ ਜ਼ਮੀਨ ਦਾ ਊਠ ਕਿਸ ਕਰਵਟ ਬੈਠਦਾ ਹੈ।

Read Latest News and Breaking News at Daily Post TV, Browse for more News

Ad
Ad