ਅਮਰੀਕਾ ’ਚ ਸੜਕ ਹਾਦਸੇ ’ਚ ਭਾਰਤੀ ਨੌਜਵਾਨ ਦੀ ਮੌਤ, ਦੀਵਾਲੀ ’ਤੇ ਆਉਣਾ ਸੀ ਘਰ, ਪਰ ਆਈ ਲਾਸ਼
USA: Indian youth dies in road accident: ਕੁਰੂਕਸ਼ੇਤਰ: ਕੁਰੂਕਸ਼ੇਤਰ ਦੇ ਪਿਹੋਵਾ ਦੀ ਸਿਕੰਦਰਾ ਕਾਲੋਨੀ ਦੇ ਰਹਿਣ ਵਾਲੇ 34 ਸਾਲਾ ਵਿਕੀ ਅਰੋੜਾ ਦੀ ਅਮਰੀਕਾ ਦੇ ਓਹਾਇਓ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਵਿਕੀ ਕਰੀਬ 12 ਸਾਲ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ ਅਤੇ ਇਸ ਵਾਰ ਨਵੰਬਰ ਵਿੱਚ ਦੀਵਾਲੀ ਮੌਕੇ ਘਰ ਵਾਪਸ ਆਉਣ ਦੀ ਤਿਆਰੀ ਕਰ ਰਿਹਾ ਸੀ। ਪਰਿਵਾਰ ਉਸ ਦੇ ਸਵਾਗਤ ਅਤੇ ਵਿਆਹ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਸੀ। ਪਰਿਵਾਰ ਮੁਤਾਬਕ, ਵਿਕੀ ਦੇ ਘਰ ਆਉਣ ਤੋਂ ਬਾਅਦ ਉਸ ਲਈ ਰਿਸ਼ਤਾ ਦੇਖਣ ਅਤੇ ਵਿਆਹ ਦੀਆਂ ਤਿਆਰੀਆਂ ਕਰਨ ਦੀ ਯੋਜਨਾ ਸੀ। ਪਿਤਾ ਕਸ਼ਮੀਰੀ ਲਾਲ ਆਪਣੇ ਪੁੱਤਰ ਨੂੰ ਲਾੜੇ ਦੇ ਰੂਪ ਵਿੱਚ ਦੇਖਣ ਦਾ ਸੁਪਨਾ ਲੈ ਕੇ ਬੈਠੇ ਸਨ।
ਹਾਦਸੇ ਨੇ ਬਦਲ ਦਿੱਤੀ ਪਰਿਵਾਰ ਦੀ ਖੁਸ਼ੀ
17-18 ਸਤੰਬਰ ਦੀ ਰਾਤ ਓਹਾਇਓ ਵਿੱਚ ਹੋਏ ਹਾਦਸੇ ਦੀ ਖ਼ਬਰ ਮਿਲਣ ਮਗਰੋਂ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਵਿਕੀ ਦੇ ਰੂਮਮੇਟ ਹੈਪੀ ਨੇ ਪਰਿਵਾਰ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ। ਪਰਿਵਾਰ ਨੇ ਉਸ ਦੇ ਹੋਰ ਦੋਸਤਾਂ ਤੋਂ ਵੀ ਪੁਸ਼ਟੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਕੀ ਦੀ ਮੌਤ ਦੀ ਖ਼ਬਰ ’ਤੇ ਯਕੀਨ ਹੋਇਆ। ਲਗਭਗ 15 ਦਿਨ ਬਾਅਦ ਐਤਵਾਰ ਨੂੰ ਵਿਕੀ ਦੀ ਲਾਸ਼ ਤਾਬੂਤ ਵਿੱਚ ਉਸ ਦੇ ਘਰ ਪਹੁੰਚੀ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਜਿਸ ਘਰ ਵਿੱਚ ਦੀਵਾਲੀ ਅਤੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉੱਥੇ ਸੋਗ ਛਾ ਗਿਆ।
ਗਲਤ ਦਿਸ਼ਾ ਤੋਂ ਆਏ ਟਰਾਲੇ ਨੂੰ ਬਚਾਉਂਦੇ ਸਮੇਂ ਵਾਪਰਿਆ ਹਾਦਸਾ
ਪਰਿਵਾਰ ਮੁਤਾਬਕ, ਵਿਕੀ ਓਹਾਇਓ ਹਾਈਵੇ ’ਤੇ ਟਰਾਲੇ ਵਿੱਚ ਸਾਮਾਨ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਕਥਿਤ ਤੌਰ ’ਤੇ ਗਲਤ ਦਿਸ਼ਾ ਵਿੱਚ ਆ ਰਹੇ ਇੱਕ ਹੋਰ ਟਰਾਲੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਸ ਦਾ ਟਰਾਲਾ ਕਾਂਕਰੀਟ ਦੇ ਬੈਰੀਅਰ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਵਿਕੀ ਟਰਾਲੇ ਦੀ ਖਿੜਕੀ ਰਾਹੀਂ ਕਰੀਬ 20 ਫੁੱਟ ਹੇਠਾਂ ਰੇਲਵੇ ਲਾਈਨ ’ਤੇ ਜਾ ਡਿੱਗਿਆ। ਸਿਰ ਦੇ ਬਲ ਡਿੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਦੋਸਤਾਂ ਨੇ ਲਾਸ਼ ਭਾਰਤ ਲਿਆਉਣ ਲਈ ਕੀਤੀ ਮਦਦ
ਵਿਕੀ ਦੀ ਲਾਸ਼ ਨੂੰ ਭਾਰਤ ਲਿਆਉਣਾ ਪਰਿਵਾਰ ਲਈ ਵੱਡੀ ਚੁਣੌਤੀ ਸੀ। ਕਰੀਬ 15 ਦਿਨ ਤੱਕ ਲਾਸ਼ ਅਮਰੀਕਾ ਵਿੱਚ ਰਹੀ। ਇਸ ਦੌਰਾਨ ਵਿਕੀ ਦੇ ਰੂਮਮੇਟ ਹੈਪੀ ਨੇ ਉਸ ਦੇ ਨਾਮ ’ਤੇ ਆਨਲਾਈਨ ਮੁਹਿੰਮ ਸ਼ੁਰੂ ਕੀਤੀ। ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਦੀ ਮਦਦ ਨਾਲ ਕਰੀਬ 20 ਲੱਖ ਰੁਪਏ ਇਕੱਠੇ ਕੀਤੇ ਗਏ, ਜਿਸ ਨਾਲ ਲਾਸ਼ ਨੂੰ ਭਾਰਤ ਲਿਆਉਣ ਅਤੇ ਹੋਰ ਪ੍ਰਕਿਰਿਆਵਾਂ ਦਾ ਖਰਚਾ ਪੂਰਾ ਕੀਤਾ ਗਿਆ।
ਐਤਵਾਰ ਨੂੰ ਵਿਕੀ ਦੇ ਭਰਾ ਸੋਨੂ ਅਰੋੜਾ ਨੇ ਉਸ ਦਾ ਅੰਤਿਮ ਸਸਕਾਰ ਕੀਤਾ
ਵਿਕੀ ਦੀ ਮਾਂ ਰਾਜਰਾਣੀ ਦਾ ਕਰੀਬ ਤਿੰਨ ਸਾਲ ਪਹਿਲਾਂ ਦੇਹਾਂਤ ਹੋ ਚੁੱਕਾ ਹੈ। ਹੁਣ ਪਰਿਵਾਰ ਵਿੱਚ ਉਸ ਦੇ ਪਿਤਾ ਕਸ਼ਮੀਰੀ ਲਾਲ ਅਤੇ ਭਰਾ ਸੋਨੂ ਰਹਿ ਗਏ ਹਨ। ਪਰਿਵਾਰ ਜਿਸ ਪੁੱਤਰ ਦੀ ਦੀਵਾਲੀ ’ਤੇ ਵਾਪਸੀ ਅਤੇ ਵਿਆਹ ਦੀ ਉਡੀਕ ਕਰ ਰਿਹਾ ਸੀ, ਉਹ ਹੁਣ ਤਾਬੂਤ ਵਿੱਚ ਘਰ ਪਰਤਿਆ।
