ਖਾਲਸਾ ਕਾਲਜ ਵਿੱਚ ਵਿਦਿਆਰਥੀਆਂ ਵਿਚਾਲੇ ਹਿੰਸਕ ਝੜਪ; ਕਈ ਜਖ਼ਮੀ, ਇੱਕ ਨੌਜਵਾਨ ਗੰਭੀਰ
ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਖਾਲਸਾ ਕਾਲਜ ਦੇ ਅੰਦਰ ਦੇਰ ਰਾਤ ਇੱਕ ਵਿਵਾਦ ਨੇ ਅਚਾਨਕ ਹੀ ਹਿੰਸਕ ਰੂਪ ਧਾਰ ਲਿਆ, ਜਿਸ ਕਾਰਨ ਪੂਰੇ ਕੈਂਪਸ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਹ ਘਟਨਾ ਕਾਲਜ ਦੇ ਕੁਝ ਵਿਦਿਆਰਥੀਆਂ ਦੇ ਦੋ ਗਰੁੱਪਾਂ ਵਿਚਕਾਰ ਹੋਈ ਦੱਸੀ ਜਾ ਰਹੀ ਹੈ, ਜੋ ਕਿ ਕਿਸੇ ਪੁਰਾਣੀ ਕਹਾਸੁਣੀ ਜਾਂ ਆਪਸੀ ਰੰਜਿਸ਼ ਕਾਰਨ ਵਧੀ।
ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਕਾਲਜ ਕੈਂਪਸ ਵਿੱਚ ਪਹਿਲਾਂ ਕੁਝ ਵਿਦਿਆਰਥੀਆਂ ਵਿਚਕਾਰ ਹਲਕੀ ਬਹਿਸ ਸ਼ੁਰੂ ਹੋਈ ਸੀ ਪਰ ਕੁਝ ਹੀ ਸਮੇਂ ਵਿੱਚ ਇਹ ਬਹਿਸ ਵਧ ਕੇ ਤਕਰਾਰ ਅਤੇ ਫਿਰ ਹਿੰਸਕ ਝੜਪ ਵਿੱਚ ਤਬਦੀਲ ਹੋ ਗਈ। ਦੇਖਦੇ ਹੀ ਦੇਖਦੇ ਦੋਵਾਂ ਧਿਰਾਂ ਵਿਚਕਾਰ ਜ਼ਬਰਦਸਤ ਮਾਰਕੁੱਟ ਸ਼ੁਰੂ ਹੋ ਗਈ ਅਤੇ ਹਾਲਾਤ ਕਾਬੂ ਤੋਂ ਬਾਹਰ ਹੋ ਗਏ।
ਚਸ਼ਮਦੀਦਾਂ ਮੁਤਾਬਕ ਇਸ ਝਗੜੇ ਵਿੱਚ ਕਰੀਬ ਅੱਧਾ ਦਰਜਨ ਤੋਂ ਵੱਧ ਵਿਦਿਆਰਥੀ ਜਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹੋਰ ਜਖ਼ਮੀਆਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਝਗੜੇ ਦੇ ਅਸਲ ਕਾਰਨ ਦਾ ਪਤਾ ਲਗਾਇਆ ਜਾ ਸਕੇ। ਫਿਲਹਾਲ, ਇਸਨੂੰ ਵਿਦਿਆਰਥੀਆਂ ਵਿਚਕਾਰ ਨਿੱਜੀ ਝਗੜੇ ਦਾ ਮਾਮਲਾ ਮੰਨਿਆ ਜਾ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਕਾਲਜ ਪ੍ਰਸ਼ਾਸਨ ਮੌਕੇ ਉਤੇ ਪਹੁੰਚ ਗਿਆ ਅਤੇ ਹਾਲਾਤ ਨੂੰ ਕਾਬੂ ਵਿੱਚ ਕੀਤਾ ਗਿਆ। ਕੈਂਪਸ ਵਿੱਚ ਸੁਰੱਖਿਆ ਪ੍ਰਬੰਧ ਹੋਰ ਵੀ ਕੜੇ ਕਰ ਦਿੱਤੇ ਗਏ ਹਨ ਤਾਂ ਜੋ ਅੱਗੇ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਨਾ ਵਾਪਰੇ।