ਅਸੀਂ ਆਪਣੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤੇ ਗਏ ਵਾਅਦੇ ਨੂੰ ਕੀਤਾ ਹੈ ਪੂਰਾ :- MP ਗੁਰਜੀਤ ਸਿੰਘ ਔਜਲਾ
Gurjeet Singh Aujla; ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਘੋਨੇਵਾਲਾ ਵਿੱਚ ਹੜ੍ਹਾਂ ਕਾਰਨ ਆਪਣਾ ਘਰ ਗੁਆ ਚੁੱਕੇ ਇੱਕ ਪਰਿਵਾਰ ਨੂੰ ਨਵੇਂ ਬਣੇ ਮਕਾਨ ਦੀਆਂ ਚਾਬੀਆਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੌਂਪੀਆਂ।
ਜ਼ਿਕਰਯੋਗ ਹੈ ਕਿ ਹੜ੍ਹਾਂ ਦੌਰਾਨ ਇਸ ਪਰਿਵਾਰ ਦਾ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਉਸ ਸਮੇਂ ਨੈਸ਼ਨਲ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਖੁਦ ਪਿੰਡ ਘੋਨੇਵਾਲਾ ਪਹੁੰਚੇ ਸਨ ਅਤੇ ਪ੍ਰਭਾਵਿਤ ਪਰਿਵਾਰ ਨਾਲ ਮੁਲਾਕਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਸੀ। ਉਸ ਦੌਰਾਨ ਰਾਹੁਲ ਗਾਂਧੀ ਨੇ ਪਰਿਵਾਰ ਨਾਲ ਨਵਾਂ ਘਰ ਬਣਵਾ ਕੇ ਦੇਣ ਦਾ ਵਾਅਦਾ ਕੀਤਾ ਸੀ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਰਾਹੁਲ ਗਾਂਧੀ ਵੱਲੋਂ ਕੀਤੇ ਗਏ ਇਸ ਵਾਅਦੇ ਨੂੰ ਪੂਰਾ ਕਰਨ ਲਈ ਉਨ੍ਹਾਂ ਅਤੇ ਉਨ੍ਹਾਂ ਦੇ ਦੋਸਤਾਂ ਨੇ ਮਿਲ ਕੇ ਇਸ ਘਰ ਦੀ ਉਸਾਰੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੂੰ ਹੁਣ ਇੱਕ ਸੁਰੱਖਿਅਤ ਅਤੇ ਪੱਕਾ ਆਸ਼ਿਆਨਾ ਮਿਲ ਗਿਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ, “ਅਸੀਂ ਆਪਣੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤੇ ਗਏ ਵਾਅਦੇ ਨੂੰ ਪੂਰਾ ਕੀਤਾ ਹੈ। ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਉਣਾ ਸਾਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਹਮੇਸ਼ਾ ਲੋੜਵੰਦਾਂ ਦੇ ਨਾਲ ਖੜ੍ਹੇ ਰਹਾਂਗੇ।”
ਔਜਲਾ ਨੇ ਇਹ ਵੀ ਦੋਸ਼ ਲਗਾਇਆ ਕਿ ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ ਬਣਦੀ ਮਦਦ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਦੌਰੇ ਤੋਂ ਬਾਅਦ ਵੀ ਪਰਿਵਾਰ ਲਈ ਸਰਕਾਰੀ ਪੱਧਰ ‘ਤੇ ਘਰ ਨਹੀਂ ਬਣਾਇਆ ਗਿਆ, ਜਿਸ ਕਾਰਨ ਉਨ੍ਹਾਂ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਇਹ ਜ਼ਿੰਮੇਵਾਰੀ ਨਿਭਾਈ।
ਨਵੇਂ ਘਰ ਦੀਆਂ ਚਾਬੀਆਂ ਮਿਲਣ ਉਪਰੰਤ ਪਰਿਵਾਰ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਉਨ੍ਹਾਂ ਦੇ ਸਾਥੀਆਂ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁਸ਼ਕਲ ਸਮੇਂ ਵਿੱਚ ਮਿਲੀ ਇਸ ਮਦਦ ਨਾਲ ਉਨ੍ਹਾਂ ਨੂੰ ਮੁੜ ਆਪਣਾ ਘਰ ਅਤੇ ਨਵੀਂ ਉਮੀਦ ਮਿਲੀ ਹੈ।
