ਪੰਜਾਬ-ਹਿਮਾਚਲ ’ਚ ਮੌਸਮ ਨੇ ਲਈ ਅਚਾਨਕ ਕਰਵਟ, ਪਹਾੜਾਂ ’ਤੇ ਬਰਫ਼ਬਾਰੀ; ਕਈ ਥਾਵਾਂ ਮੀਂਹ ਤੇ ਗੜੇਮਾਰੀ
Weather takes sudden turn in Punjab; ਚੰਡੀਗੜ੍ਹ: ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੁੱਧਵਾਰ ਨੂੰ ਮੌਸਮ ਨੇ ਅਚਾਨਕ ਕਰਵਟ ਲਈ। ਹਿਮਾਚਲ ਦੇ ਚੰਬਾ ਅਤੇ ਲਾਹੌਲ-ਸਪੀਤੀ ਦੀਆਂ ਉੱਚੀਆਂ ਚੋਟੀਆਂ ’ਤੇ ਬਰਫ਼ਬਾਰੀ ਹੋਈ, ਜਦਕਿ ਸ਼ਿਮਲਾ ਸਮੇਤ 7 ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਅਤੇ ਗੜੇਮਾਰੀ ਹੋਈ। ਇਸ ਕਾਰਨ ਤਾਪਮਾਨ ਵਿੱਚ ਕਰੀਬ 8 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਅਤੇ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਮਹਿਸੂਸ ਹੋਣ ਲੱਗੀ ਹੈ।
ਹਿਮਾਚਲ ਵਿੱਚ 4.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਆਮ ਨਾਲੋਂ 405 ਫੀਸਦੀ ਵੱਧ ਹੈ। ਸ਼ਿਮਲਾ ਦੇ ਸੰਜੌਲੀ-ਢੱਲੀ ਬਾਈਪਾਸ ’ਤੇ ਅਚਾਨਕ ਪਹਾੜੀ ਦਾ ਇੱਕ ਹਿੱਸਾ ਖਿਸਕਣ ਕਾਰਨ ਵੱਡੀ ਮਾਤਰਾ ਵਿੱਚ ਮਲਬਾ ਅਤੇ ਪੱਥਰ ਸੜਕ ’ਤੇ ਆ ਗਏ। ਇਸ ਦੌਰਾਨ ਸੜਕ ਤੋਂ ਲੰਘ ਰਹੀਆਂ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਈਆਂ।
ਪੰਜਾਬ ਵਿੱਚ ਵੀ ਦਿਨ ਭਰ ਬੱਦਲ ਛਾਏ ਰਹੇ ਅਤੇ ਕਈ ਥਾਵਾਂ ’ਤੇ ਮੀਂਹ ਪਿਆ। ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਮੀਂਹ ਕਾਰਨ ਤਾਪਮਾਨ ਵਿੱਚ 4 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ। ਪਠਾਨਕੋਟ ਵਿੱਚ ਸਵੇਰੇ ਸਾਢੇ 8 ਵਜੇ ਤੋਂ 11 ਵਜੇ ਤੱਕ ਕਰੀਬ ਤਿੰਨ ਘੰਟੇ ਤੇਜ਼ ਮੀਂਹ ਪਿਆ। ਗੁਰਦਾਸਪੁਰ ਵਿੱਚ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ।
ਮੀਂਹ ਕਾਰਨ ਮੰਡੀਆਂ ਵਿੱਚ ਝੋਨਾ ਲੈ ਕੇ ਪਹੁੰਚੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਦਸੂਹਾ ਵਿੱਚ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਮੰਡੀਆਂ ਵਿੱਚ ਪਿਆ ਝੋਨਾ ਭਿੱਜ ਗਿਆ। ਕਿਸਾਨਾਂ ਮੁਤਾਬਕ ਭਿੱਜੇ ਝੋਨੇ ਨੂੰ ਸੁਕਾਉਣ ਵਿੱਚ ਸਮਾਂ ਲੱਗੇਗਾ।
ਉੱਧਰ, ਹਰਿਆਣਾ ਦੇ 9 ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿੱਚ ਆਏ ਇਸ ਬਦਲਾਅ ਕਾਰਨ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ।
