ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਪਤਨੀ ਦਾ ਜਵਾਬ, ਪੜ੍ਹੋ ਕੀ ਕਿਹਾ ?
ਮਾਨਸਾ: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਐਕਸ਼ਨ ਕਮੇਟੀ ਅਤੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਨਾਲ ਕੀਤੇ ਸਮਝੌਤੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹੋ ਰਹੀ ਟ੍ਰੋਲਿੰਗ ਦਾ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਨੇ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮਝੌਤੇ ਨੂੰ ਲੈ ਕੇ ਪਰਿਵਾਰ ‘ਤੇ ਸਵਾਲ ਚੁੱਕਣ ਵਾਲੇ ਲੋਕਾਂ ਨੂੰ ਪਰਿਵਾਰ ਦੀਆਂ ਮੁਸ਼ਕਲਾਂ ਅਤੇ ਹਾਲਾਤ ਵੀ ਸਮਝਣੇ ਚਾਹੀਦੇ ਹਨ। ਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਵੀ ਹੋਰਨਾਂ ਪਰਿਵਾਰਾਂ ਵਾਂਗ ਇੱਕ ਆਮ ਪਰਿਵਾਰ ਸੀ ਅਤੇ ਉਹ ਵੀ ਆਮ ਲੋਕਾਂ ਵਾਂਗ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ। ਜੇਕਰ ਟ੍ਰੋਲ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦਾ ਪਰਿਵਾਰ ਪਸੰਦ ਨਹੀਂ ਹੈ ਤਾਂ ਉਹ ਸਾਰੇ ਪਰਿਵਾਰਕ ਮੈਂਬਰਾਂ ਨੂੰ ਸਟੇਜ ‘ਤੇ ਇਕੱਠਾ ਕਰਕੇ 12 ਬੋਰ ਦੀ ਬੰਦੂਕ ਨਾਲ ਗੋਲੀ ਮਾਰ ਦੇਣ।
‘ਜੇਕਰ ਸਾਨੂੰ ਹਾਰਿਆ ਸਮਝਦੇ ਹੋ ਤਾਂ ਤੁਸੀਂ ਧਰਨੇ ਵਿੱਚ 20 ਹਜ਼ਾਰ ਲੋਕ ਇਕੱਠੇ ਕਰਦੇ’
ਮਨਪ੍ਰੀਤ ਕੌਰ ਨੇ ਕਿਹਾ ਕਿ ਕੁਝ ਲੋਕ ਪਰਿਵਾਰ ਵੱਲੋਂ ਸਰਕਾਰ ਨਾਲ ਸਮਝੌਤਾ ਕਰਨ ਨੂੰ ਹਾਰ ਵਜੋਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਟ੍ਰੋਲ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਪਰਿਵਾਰ ਨੇ ਹਾਰ ਮੰਨ ਲਈ ਹੈ ਤਾਂ ਟ੍ਰੋਲ ਕਰਨ ਵਾਲੇ ਮਾਨਸਾ ਵਿੱਚ ਰੋਜ਼ਾਨਾ 20 ਹਜ਼ਾਰ ਲੋਕ ਇਕੱਠੇ ਕਰਕੇ ਦਿਖਾਉਂਣ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਪਰਿਵਾਰ ਪਰਵਿੰਦਰ ਦੀ ਮ੍ਰਿਤਕ ਦੇਹ ਨੂੰ ਇੱਕ ਸਾਲ ਤੱਕ ਵੀ ਰੱਖ ਸਕਦਾ ਹੈ।
‘ਪਰਵਿੰਦਰ ਦੀ ਤਸਵੀਰ ਤੋਂ ਵੀ ਲੋਕਾਂ ਨੂੰ ਡਰ ਲੱਗਣ ਲੱਗ ਪਿਆ’
ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਉਨ੍ਹਾਂ ਦੀ ਤਸਵੀਰ ਤੋਂ ਕੁਝ ਲੋਕਾਂ ਨੂੰ ਡਰ ਲੱਗਦਾ ਸੀ, ਉਸੇ ਤਰ੍ਹਾਂ ਹੁਣ ਪਰਵਿੰਦਰ ਦੀ ਤਸਵੀਰ ਤੋਂ ਵੀ ਲੋਕ ਡਰਨ ਲੱਗ ਪਏ ਹਨ। ਮਨਪ੍ਰੀਤ ਕੌਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਵੀ ਉਸ ਸਮੇਂ ਲੋਕਾਂ ਵੱਲੋਂ ਬੁਰਾ-ਭਲਾ ਕਿਹਾ ਜਾਂਦਾ ਸੀ, ਜਦਕਿ ਉਹ ਤਾਂ ਸਿਰਫ਼ ਇੱਕ ਆਮ ਇਨਸਾਨ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਟ੍ਰੋਲ ਕਰਨ ਵਾਲਿਆਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦਾ।
ਅਖੀਰ ਵਿੱਚ ਮਨਪ੍ਰੀਤ ਕੌਰ ਨੇ ਪਰਵਿੰਦਰ ਝੋਟਾ ਦੇ ਸੰਘਰਸ਼ ਵਿੱਚ ਸਾਥ ਦੇਣ ਵਾਲੇ ਲੋਕਾਂ ਅਤੇ ਪਰਿਵਾਰ ਦੀ ਆਲੋਚਨਾ ਕਰਨ ਵਾਲਿਆਂ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ।