ਰੱਖੜੀ ਵਾਲੇ ਦਿਨ ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਜਾ ਰਹੇ ਨੌਜਵਾਨ ਦੀ ਹਾਦਸੇ ‘ਚ ਮੌਤ
Youth dies in accident on Raksha Bandhan: ਮੋਹਾਲੀ: ਰੱਖੜੀ ਦੇ ਪਵਿੱਤਰ ਦਿਹਾੜੇ ‘ਤੇ ਆਪਣੀਆਂ ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਲਈ ਪਿੰਡ ਜਾ ਰਹੇ ਮਛਲੀ ਕਲਾਂ ਦੇ ਨੌਜਵਾਨ ਪਰਮਪ੍ਰੀਤ ਸਿੰਘ ਦੀ ਮੋਹਾਲੀ ਦੇ ਏਅਰਪੋਰਟ ਚੌਕ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਮਪ੍ਰੀਤ ਸਿੰਘ ਰੱਖੜੀ ਵਾਲੇ ਦਿਨ ਆਪਣੀਆਂ ਭੈਣਾਂ ਕੋਲ ਜਾਣ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਏਅਰਪੋਰਟ ਚੌਕ ਨੇੜੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।
ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਪਰਮਪ੍ਰੀਤ
ਮ੍ਰਿਤਕ ਦੇ ਮਾਮੇ ਨੇ ਦੱਸਿਆ ਕਿ ਪਰਮਪ੍ਰੀਤ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਘਰ ਵਿੱਚ ਉਸ ਦੇ ਮਾਤਾ-ਪਿਤਾ ਵੀ ਹਨ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਮਪ੍ਰੀਤ ਦੀ ਕਮਾਈ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ। ਹੁਣ ਪਰਿਵਾਰ ਕੋਲ ਕੋਈ ਕਮਾਊ ਸਾਧਨ ਨਹੀਂ ਬਚਿਆ।
ਐਂਬੂਲੈਂਸ ਦੇਰੀ ਨਾਲ ਪਹੁੰਚਣ ‘ਤੇ ਵੀ ਚੁੱਕੇ ਸਵਾਲ
ਮ੍ਰਿਤਕ ਦੇ ਮਾਮੇ ਨੇ ਦੋਸ਼ ਲਗਾਇਆ ਕਿ ਹਾਦਸੇ ਤੋਂ ਬਾਅਦ ਐਂਬੂਲੈਂਸ ਦੀ ਸਹੂਲਤ ਕਰੀਬ ਡੇਢ ਘੰਟੇ ਬਾਅਦ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਐਂਬੂਲੈਂਸ ਪਹੁੰਚ ਜਾਂਦੀ ਤਾਂ ਸ਼ਾਇਦ ਨੌਜਵਾਨ ਦੀ ਜਾਨ ਬਚਾਈ ਜਾ ਸਕਦੀ ਸੀ। ਪਰਿਵਾਰ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਪਰਮਪ੍ਰੀਤ ਸਿੰਘ ਨੂੰ ਕਿਸੇ ਵਾਹਨ ਨੇ ਟੱਕਰ ਮਾਰੀ ਹੋ ਸਕਦੀ ਹੈ। ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਨਿਰਪੱਖ ਅਤੇ ਵਿਸਥਾਰਪੂਰਵਕ ਜਾਂਚ ਦੀ ਮੰਗ ਕੀਤੀ ਹੈ, ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।
ਪਰਿਵਾਰ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਕੀਤੀ ਅਪੀਲ
ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਪਰਮਪ੍ਰੀਤ ਹੀ ਘਰ ਦਾ ਇਕਲੌਤਾ ਕਮਾਉਣ ਵਾਲਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਸਾਹਮਣੇ ਆਰਥਿਕ ਸੰਕਟ ਖੜ੍ਹਾ ਹੋ ਗਿਆ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਣਦੀ ਆਰਥਿਕ ਸਹਾਇਤਾ ਦਿੱਤੀ ਜਾਵੇ ਅਤੇ ਹਾਦਸੇ ਦੀ ਪੂਰੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ।
