ਭਿਆਨਕ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ
Youth dies in horrific road accident: ਗੁਰਦਾਸਪੁਰ: ਗੁਰਦਾਸਪੁਰ-ਹਰਦੋਛੰਨੀਆ ਰੋਡ ’ਤੇ ਜਲਵਾ ਹਵੇਲੀ ਨੇੜੇ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ। ਦੋ ਗੱਡੀਆਂ ਦੀ ਟੱਕਰ ਵਿੱਚ ਸਕਾਰਪੀਓ ਸਵਾਰ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜੀ ਗੱਡੀ ਵਿੱਚ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਸੁਖਵੰਤ ਸਿੰਘ ਬਾਊ, ਵਾਸੀ ਪਿੰਡ ਬੋਲੋਰਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਕਾਰਪੀਓ ਰਾਹੀਂ ਡੇਰਾ ਬਾਬਾ ਨਾਨਕ ਰੋਡ ਵੱਲ ਜਾ ਰਿਹਾ ਸੀ, ਜਦੋਂ ਜਲਵਾ ਹਵੇਲੀ ਨੇੜੇ ਦੂਜੀ ਗੱਡੀ ਨਾਲ ਉਸ ਦੀ ਟੱਕਰ ਹੋ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਗੱਡੀ ਕਰੀਬ 100 ਫੁੱਟ ਦੂਰ ਜਾ ਕੇ ਪਾਰਕਿੰਗ ਵਿੱਚ ਖੜ੍ਹੀ ਇੱਕ ਹੋਰ ਗੱਡੀ ਨਾਲ ਜਾ ਟਕਰਾਈ। ਹਾਦਸੇ ਵਿੱਚ ਦੂਜੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਸਥਾਨਕ ਲੋਕਾਂ ਮੁਤਾਬਕ ਜਲਵਾ ਹਵੇਲੀ ਨੇੜਲਾ ਇਹ ਚੌਕ ਪਹਿਲਾਂ ਵੀ ਕਈ ਹਾਦਸਿਆਂ ਦਾ ਗਵਾਹ ਬਣ ਚੁੱਕਾ ਹੈ ਅਤੇ ਇੱਥੇ ਲਗਾਤਾਰ ਹਾਦਸੇ ਵਾਪਰ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
