ਅੰਮ੍ਰਿਤਸਰ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ
Youth shot dead in Amritsar: ਅੰਮ੍ਰਿਤਸਰ: ਇਸਲਾਮਾਬਾਦ ਥਾਣੇ ਅਧੀਨ ਆਉਂਦੀ ਕੋਟ ਖਾਲਸਾ ਪੁਲੀਸ ਚੌਕੀ ਤੋਂ ਕਰੀਬ 50 ਕਦਮ ਦੀ ਦੂਰੀ ’ਤੇ ਵੀਰਵਾਰ ਰਾਤ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਰਾਤ ਕਰੀਬ 10:50 ਵਜੇ ਵਾਪਰੀ। ਮ੍ਰਿਤਕ ਦੀ ਪਛਾਣ 25 ਸਾਲਾ ਸਾਹਿਲ ਗਿੱਲ ਵਜੋਂ ਹੋਈ ਹੈ, ਜੋ ਜ਼ੋਮੈਟੋ ਡਿਲੀਵਰੀ ਦਾ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਸਾਹਿਲ ਨੂੰ ਉਸ ਦੇ ਘਰ ਤੋਂ ਕਰੀਬ 40 ਕਦਮ ਦੂਰ ਗੋਲੀ ਮਾਰੀ ਗਈ। ਗੋਲੀ ਉਸ ਦੀ ਛਾਤੀ ਨੇੜੇ ਲੱਗੀ। ਗੰਭੀਰ ਹਾਲਤ ਵਿੱਚ ਉਸ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਐਕਟਿਵਾ ’ਤੇ ਆਏ ਸਨ ਦੋ ਨੌਜਵਾਨ
ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਦੋ ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਇੱਕ ਗੋਲੀ ਸਾਹਿਲ ਨੂੰ ਲੱਗੀ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਸਾਹਿਲ ਦੇ ਪਿਤਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਘਰੋਂ ਸਬਜ਼ੀ ਲੈਣ ਲਈ ਗਿਆ ਸੀ। ਕਰੀਬ 10 ਮਿੰਟ ਬਾਅਦ ਮੁਹੱਲੇ ਦੇ ਲੋਕਾਂ ਨੇ ਘਰ ਆ ਕੇ ਦੱਸਿਆ ਕਿ ਸਾਹਿਲ ਨੂੰ ਗੋਲੀ ਮਾਰ ਦਿੱਤੀ ਗਈ ਹੈ। ਪਰਿਵਾਰ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਦੇਖਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ।
ਪਰਿਵਾਰ ਮੁਤਾਬਕ ਸਾਹਿਲ ਦਾ ਕਰੀਬ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦਾ 6 ਮਹੀਨੇ ਦਾ ਬੱਚਾ ਵੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ SHO ਸਮੇਤ ADCP ਪੱਧਰ ਦੇ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਕੀਤੀ। ਪੁਲੀਸ ਮੁਤਾਬਕ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਾਂਚ ਜਾਰੀ ਹੈ। ਵਾਰਦਾਤ ਦੇ ਕਾਰਨਾਂ ਅਤੇ ਹਮਲਾਵਰਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
