ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਸ਼ਾਂਤੀ ਅਤੇ ਡਿਸ਼ਪਲਿਨ ਨਾਲ ਜਾਰੀ — ਸੋਨੀਆ ਮਾਨ
Latest News: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਹਲਕਾ ਰਾਜਾ ਸਾਂਸੀ ਤੋਂ ਆਮ ਆਦਮੀ ਪਾਰਟੀ ਦੀ ਇੰਚਾਰਜ ਸੋਨੀਆ ਮਾਨ ਨੇ ਆਪਣੇ ਪਿੰਡ ਬੱਗਾ ਕਲਾਂ ਦੇ ਬੂਥ ’ਤੇ ਪਹੁੰਚ ਕੇ ਵੋਟ ਪਾ ਕੇ ਲੋਕਤੰਤਰਿਕ ਫ਼ਰਜ਼ ਨਿਭਾਇਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚੋਣੀ ਪ੍ਰਕਿਰਿਆ ਬਹੁਤ ਹੀ ਸ਼ਾਂਤੀਪੂਰਵਕ, ਡਿਸ਼ਪਲਿਨ ਅਤੇ ਅਮਨ-ਕਾਨੂੰਨ ਨਾਲ ਚੱਲ ਰਹੀ ਹੈ।
ਸੋਨੀਆ ਮਾਨ ਨੇ ਕਿਹਾ ਕਿ ਵੋਟ ਦਾ ਅਧਿਕਾਰ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ ਹੈ ਅਤੇ ਹਰ ਨਾਗਰਿਕ ਨੂੰ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਰਾਹੀਂ ਪਿੰਡਾਂ ਵਿੱਚ ਵਿਕਾਸ ਲਈ ਵੱਡੀ ਮਾਤਰਾ ਵਿੱਚ ਫੰਡ ਆਉਂਦਾ ਹੈ, ਜਿਸ ਨਾਲ ਗਲੀਆਂ, ਨਾਲੀਆਂ, ਲਾਈਟਾਂ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
ਭਿੰਡੀਆਂ ਸੈਦਾਂ ਮਾਮਲੇ ’ਤੇ ਗੱਲ ਕਰਦਿਆਂ ਸੋਨੀਆ ਮਾਨ ਨੇ ਕਿਹਾ ਕਿ ਉੱਥੇ ਗੁੰਡਾਗਰਦੀ ਅਤੇ ਧਮਕੀਆਂ ਦੇ ਗੰਭੀਰ ਮਾਮਲੇ ਸਾਹਮਣੇ ਆਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਨਾਮਜ਼ਦਗੀ ਵਾਲੇ ਦਿਨ ਜਾਨ ਬੁੱਝ ਕੇ ਹੰਗਾਮਾ ਕੀਤਾ ਗਿਆ, ਧਮਕੀਆਂ ਦਿੱਤੀਆਂ ਗਈਆਂ ਅਤੇ ਜਾਤੀਵਾਦੀ ਸ਼ਬਦ ਵਰਤੇ ਗਏ। ਇੱਥੋਂ ਤੱਕ ਕਿ ਗੋਲੀਆਂ ਚਲਾਉਣ ਵਰਗੀਆਂ ਘਟਨਾਵਾਂ ਵੀ ਹੋਈਆਂ, ਜੋ ਬਹੁਤ ਹੀ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੱਚ ਅਤੇ ਇਮਾਨਦਾਰੀ ਦੀ ਰਾਜਨੀਤੀ ਕਰਦੀ ਹੈ ਅਤੇ ਅਜਿਹੀ ਗੁੰਡਾਗਰਦੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੋਨੀਆ ਮਾਨ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਲਾਲਚ ਜਾਂ ਪੈਸੇ ਦੇ ਪ੍ਰਭਾਵ ਵਿੱਚ ਆ ਕੇ ਵੋਟ ਨਾ ਪਾਈ ਜਾਵੇ। ਉਨ੍ਹਾਂ ਕਿਹਾ ਕਿ ਇਮਾਨਦਾਰ ਨੇਤਾ ਆਪਣੀ ਮਿਹਨਤ ਦੀ ਕਮਾਈ ਨਾਲ ਵੋਟ ਨਹੀਂ ਖਰੀਦਦੇ। ਸਹੀ ਵੋਟ ਹੀ ਪਿੰਡਾਂ ਦੇ ਵਿਕਾਸ ਦੀ ਨੀਂਹ ਹੁੰਦੀ ਹੈ।
ਇਸ ਮੌਕੇ ਪਿੰਡ ਵਾਸੀ ਤੇਜਵੀਰ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਚੋਣਾਂ ਵਿੱਚ ਦੇਰੀ ਕਾਰਨ ਵਿਕਾਸੀ ਕੰਮ ਪ੍ਰਭਾਵਿਤ ਹੋਏ, ਪਰ ਹੁਣ ਸ਼ਾਂਤੀ ਨਾਲ ਵੋਟਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੜਕਾਂ, ਸਟੇਡੀਅਮ ਅਤੇ ਨੌਜਵਾਨਾਂ ਲਈ ਖੇਡ ਸਹੂਲਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਰੋਜ਼ਗਾਰ ਦੇ ਮੌਕੇ ਵੀ ਵਧਣਗੇ।