-ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਕੀਤੀ ਜਾਂਚ ਸ਼ੁਰੂ
Zirakpur News– ਜ਼ੀਰਕਪੁਰ ਦੇ ਨੇੜਲੇ ਪਿੰਡ ਨਾਭਾ ਸਾਹਿਬ ਵਿਖੇ ਇਕ ਪੀ.ਜੀ. ਵਿੱਚ ਰਹਿੰਦੀ ਇਕ 20 ਸਾਲਾ ਦੀ ਹਿਮਾਚਲ ਦੀ ਵਿਦਿਆਰਥਣ ਦੀ ਸ਼ੱਕੀ ਹਲਾਤਾਂ ਵਿੱਚ ਤੀਜੀ ਮੰਜਿਲ ਤੋਂ ਹੇਠਾਂ ਡਿੱਗ ਕੇ ਮੌਤ ਹੋ ਗਈ। ਜ਼ੀਰਕਪੁਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ 20 ਸਾਲਾ ਦੀ ਊਸ਼ਾ ਮੂਲਰੂਪ ਵਾਸੀ ਸਨਜੋਲੀ, ਸ਼ਿਮਲਾ ਹਿਮਾਚਲ ਪ੍ਰਦੇਸ਼ ਦੇ ਰੂਪ ਵਿੱਚ ਹੋਈ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਖ਼ੁਦਕੁਸ਼ੀ ਦਾ ਮਾਮਲਾ ਜਾਪ ਰਿਹਾ ਹੈ ਪਰ ਅਸਲ ਕਾਰਨ ਜਾਂਚ ਤੋਂ ਬਾਅਦ ਸਾਹਮਣੇ ਆਉਣਗੇ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕਾ ਕੁਝ ਦਿਨ ਪਹਿਲਾਂ ਹੀ ਪਿੰਡ ਨਾਭਾ ਸਾਹਿਬ ਵਿਖੇ ਪੀ.ਜੀ. ਵਿੱਚ ਰਹਿਣ ਲਈ ਆਈ ਸੀ। ਲੰਘੀ ਰਾਤ ਉਸਦੀ ਸ਼ੱਕੀ ਹਲਾਤ ਵਿੱਚ ਤੀਜੀ ਮੰਜਿਲ ਤੋਂ ਡਿੱਗ ਕੇ ਮੌਤ ਹੋ ਗਈ। ਪੁਲਿਸ ਨੂੰ ਮੌਕੇ ’ਤੇ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਹਿਮਾਚਲ ਵਿੱਚ ਪੜ੍ਹਾਈ ਕਰ ਰਹੀ ਸੀ ਜੋ ਇਥੇ ਕੁਝ ਦਿਨ ਪਹਿਲਾਂ ਹੀ ਰਹਿਣ ਲਈ ਆਈ ਸੀ। ਪੁਲੀਸ ਨੂੰ ਮ੍ਰਿਤਕਾ ਕੋਲੋ ਇਕ ਸ਼ਿਮਲਾ ਦੀ ਯੂਨੀਵਰਸਿਟੀ ਦਾ ਇਕ ਪਛਾਣ ਪੱਤਰ ਵੀ ਮਿਲਿਆ ਹੈ। ਮ੍ਰਿਤਕਾ ਦੇ ਹੱਥ ’ਤੇ ਇਕ ਬੈਂਡ ਬੰਨਿਆ ਹੋਇਆ ਹੈ ਜੋ ਕਿਸੇ ਵੀ ਕਲੱਬ ਜਾਂ ਡਿਸਕੋ ਜਾਂ ਕਿਸੇ ਸ਼ੋਅ ਵਿੱਚ ਜਾਣ ਤੋਂ ਪਹਿਲਾਂ ਦਾਖ਼ਲੇ ਵੇਲੇ ਪਾਉਂਦੇ ਹਨ।
ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਨੇ ਕਿਹਾ ਕਿ ਅੱਜ ਤੜਕੇ ਸੂਚਨਾ ਮਿਲਣ ਮਗਰੋਂ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੌਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਲਾਸ਼ ਨੂੰ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰੱਖਵਾ ਕੇ ਉਸਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾ ਦੇ ਮਾਪਿਆਂ ਦੇ ਪਹੁੰਚਣ ਮਗਰੋਂ ਮੌਤ ਦੀ ਅਸਲ ਵਜ੍ਹਾਂ ਸਾਹਮਣੇ ਆਏਗੀ ਜਿਸ ਮਗਰੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ।