ਪੰਜਾਬ ‘ਚ 5 ਸਾਲਾਂ ਦੌਰਾਨ 8 ਲੱਖ ਮਗਨਰੇਗਾ ਜੌਬ ਕਾਰਡ ਰੱਦ, 14 ਲੱਖ ਤੋਂ ਵੱਧ ਕਾਮੇ ਸਕੀਮ ਤੋਂ ਬਾਹਰ
MGNREGA job cards cancelled: ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਤਹਿਤ ਵੱਡੀ ਪੱਧਰ ‘ਤੇ ਜੌਬ ਕਾਰਡ ਰੱਦ ਕੀਤੇ ਗਏ ਹਨ। ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰਾਲੇ ਵੱਲੋਂ ਪੇਸ਼ ਅੰਕੜਿਆਂ ਅਨੁਸਾਰ, 2021 ਤੋਂ 2026 ਤੱਕ ਪੰਜਾਬ ਵਿੱਚ 8.04 ਲੱਖ ਜੌਬ ਕਾਰਡ ਰੱਦ ਕੀਤੇ ਗਏ, ਜਿਸ ਕਾਰਨ 14.05 ਲੱਖ ਕਾਮਿਆਂ ਦੇ ਨਾਮ ਡਾਟਾਬੇਸ ਵਿੱਚੋਂ ਹਟਾਏ ਗਏ।
ਇਸੇ ਦੌਰਾਨ, ਪਹਿਲੀ ਜੁਲਾਈ 2026 ਤੋਂ ਮਗਨਰੇਗਾ ਨੂੰ ‘ਵਿਕਸਿਤ ਭਾਰਤ ਜੀ ਰਾਮ ਜੀ’ ਯੋਜਨਾ ਵਿੱਚ ਤਬਦੀਲ ਕੀਤਾ ਗਿਆ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਨਵੀਂ ਯੋਜਨਾ ਦਾ ਉਦੇਸ਼ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਅਤੇ ਲਾਭ ਸਿਰਫ਼ ਯੋਗ ਪਰਿਵਾਰਾਂ ਤੱਕ ਪਹੁੰਚਾਉਣਾ ਹੈ।
ਅਧਿਕਾਰੀਆਂ ਮੁਤਾਬਕ ਜੌਬ ਕਾਰਡ ਰੱਦ ਕਰਨ ਦੇ ਮੁੱਖ ਕਾਰਨਾਂ ਵਿੱਚ ਨਕਲੀ ਕਾਰਡਾਂ ਦੀ ਪਛਾਣ, ਮ੍ਰਿਤਕ ਲਾਭਪਾਤਰੀਆਂ ਦੇ ਨਾਮ ਹਟਾਉਣਾ, ਨਿਯਮਤ ਰੁਜ਼ਗਾਰ ਮਿਲਣ ਕਾਰਨ ਲਾਭਪਾਤਰੀਆਂ ਦਾ ਖ਼ੁਦ ਸਕੀਮ ਤੋਂ ਬਾਹਰ ਹੋਣਾ, ਲੰਮੇ ਸਮੇਂ ਤੋਂ ਗੈਰ-ਸਰਗਰਮ ਕਾਰਡਾਂ ਨੂੰ ਰੱਦ ਕਰਨਾ ਅਤੇ ਆਧਾਰ ਅਧਾਰਿਤ ਪ੍ਰਮਾਣੀਕਰਨ ਦੌਰਾਨ ਅਯੋਗ ਪਾਏ ਗਏ ਲਾਭਪਾਤਰੀ ਸ਼ਾਮਲ ਹਨ।
ਅੰਕੜਿਆਂ ਅਨੁਸਾਰ, ਮਗਨਰੇਗਾ ਤਹਿਤ ਰੁਜ਼ਗਾਰ ਦੀ ਮੰਗ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ ਵੀ ਘਟੀ ਹੈ। 2025-26 ਵਿੱਚ 6.46 ਲੱਖ ਪਰਿਵਾਰਾਂ ਨੇ ਰੁਜ਼ਗਾਰ ਦੀ ਮੰਗ ਕੀਤੀ ਸੀ, ਜਦਕਿ 2026-27 ਵਿੱਚ ਇਹ ਗਿਣਤੀ ਘਟ ਕੇ 3.02 ਲੱਖ ਰਹਿ ਗਈ।
ਦੂਜੇ ਪਾਸੇ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕੇਂਦਰ ਸਰਕਾਰ ‘ਤੇ ਦੋਸ਼ ਲਗਾਇਆ ਕਿ ਸਰਕਾਰ ਲੋਕ-ਪੱਖੀ ਸਕੀਮਾਂ ਦਾ ਦਾਇਰਾ ਘਟਾ ਕੇ ਗਰੀਬ ਲੋਕਾਂ ਨੂੰ ਬਾਹਰ ਕਰ ਰਹੀ ਹੈ ਅਤੇ ਮਗਨਰੇਗਾ ਲਈ ਬਜਟ ਵਿੱਚ ਵੀ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ।
