ਦਿੱਲੀ ਲਾਲ ਕਿਲ੍ਹਾ ਅੱਤਵਾਦੀ ਹਮਲਾ: UN ਰਿਪੋਰਟ ’ਚ ਹੋਇਆ ਵੱਡਾ ਖੁਲਾਸਾ
Delhi Red Fort terror attack: ਦਿੱਲੀ: ਦਿੱਲੀ ਦੇ ਲਾਲ ਕਿਲ੍ਹੇ ਨੇੜੇ 10 ਨਵੰਬਰ 2025 ਨੂੰ ਹੋਏ ਕਾਰ ਬੰਬ ਧਮਾਕੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਇੱਕ ਰਿਪੋਰਟ ਵਿੱਚ ਵੱਡਾ ਦਾਅਵਾ ਕੀਤਾ ਗਿਆ ਹੈ। 10 ਅਗਸਤ 2026 ਨੂੰ ਜਾਰੀ ਕੀਤੀ ਗਈ UNSC ਦੀ Analytical Support and Sanctions Monitoring Team ਦੀ ਰਿਪੋਰਟ ਵਿੱਚ ਲਾਲ ਕਿਲ੍ਹੇ ਨੇੜੇ ਹੋਏ ਹਮਲੇ ਨੂੰ ਅਲ-ਕਾਇਦਾ ਇਨ ਦ ਇੰਡਿਅਨ ਸਬਕਾਂਟੀਨੈਂਟ (AQIS) ਨਾਲ ਜੋੜਿਆ ਗਿਆ ਹੈ। ਰਿਪੋਰਟ ਵਿੱਚ AQIS ਦੇ ਦੱਖਣੀ ਏਸ਼ੀਆ ਵਿੱਚ ਵਧਦੇ ਨੈੱਟਵਰਕ ਅਤੇ ਇਸ ਦੀ ਬਦਲਦੀ ਕਾਰਜਪ੍ਰਣਾਲੀ ’ਤੇ ਵੀ ਚਿੰਤਾ ਪ੍ਰਗਟਾਈ ਗਈ ਹੈ। ਸੰਯੁਕਤ ਰਾਸ਼ਟਰ ਦੇ ਮੁਲਾਂਕਣ ਮੁਤਾਬਕ, ਸੰਗਠਨ ਪਹਿਲਾਂ ਦੇ ਮੁਕਾਬਲੇ ਹੁਣ ਵਧੇਰੇ ਖੇਤਰੀ ਅਤੇ ਵਿਕੇਂਦਰੀਕ੍ਰਿਤ ਅੱਤਵਾਦੀ ਨੈੱਟਵਰਕ ਵਜੋਂ ਵਿਕਸਤ ਹੋ ਰਿਹਾ ਹੈ।
ਲਾਲ ਕਿਲ੍ਹਾ ਧਮਾਕੇ ’ਚ 11 ਲੋਕਾਂ ਦੀ ਮੌਤ
10 ਨਵੰਬਰ 2025 ਦੀ ਸ਼ਾਮ ਕਰੀਬ 6:52 ਵਜੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਨੇੜੇ ਕਾਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਸੀ। ਇਸ ਘਟਨਾ ਵਿੱਚ 11 ਲੋਕਾਂ ਦੀ ਮੌਤ ਹੋਈ ਸੀ, ਜਦਕਿ ਦਰਜਨਾਂ ਲੋਕ ਜ਼ਖਮੀ ਹੋਏ ਸਨ। ਮਾਮਲੇ ਦੀ ਜਾਂਚ ਪਹਿਲਾਂ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਅਤੇ ਬਾਅਦ ਵਿੱਚ NIA ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਸੀ। ਮਈ 2026 ਵਿੱਚ NIA ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ ਅਦਾਲਤ ਵਿੱਚ ਕਰੀਬ 7,500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਸੀ। ਚਾਰਜਸ਼ੀਟ ਵਿੱਚ ਮੁੱਖ ਮੁਲਜ਼ਮ ਡਾ. ਉਮਰ ਉਨ ਨਬੀ ਸਮੇਤ 10 ਮੁਲਜ਼ਮਾਂ ਦੇ ਸਬੰਧ ਅੰਸਾਰ ਗਜ਼ਵਤ-ਉਲ-ਹਿੰਦ (AGuH) ਨਾਲ ਦੱਸੇ ਗਏ ਸਨ। NIA ਦੇ ਮੁਤਾਬਕ AGuH ਨੂੰ AQIS ਦਾ ਇੱਕ ਆਫਸ਼ੂਟ ਦੱਸਿਆ ਗਿਆ ਹੈ।
ਛੋਟੇ-ਛੋਟੇ ਸੈੱਲਾਂ ਰਾਹੀਂ ਨੈੱਟਵਰਕ ਵਧਾਉਣ ਦੀ ਕੋਸ਼ਿਸ਼
UN ਰਿਪੋਰਟ ਮੁਤਾਬਕ AQIS ਨੇ ਆਪਣੀਆਂ ਗਤੀਵਿਧੀਆਂ ਲਈ ਲਾਜਿਸਟਿਕ ਅਤੇ ਵਿੱਤੀ ਨੈੱਟਵਰਕ ਤਿਆਰ ਕੀਤੇ ਹਨ। ਸੰਗਠਨ ਵੱਡੇ ਕੇਂਦਰੀਕ੍ਰਿਤ ਗਰੁੱਪਾਂ ਦੀ ਬਜਾਏ ਛੋਟੇ ਅਤੇ ਵੱਖ-ਵੱਖ ਸੈੱਲਾਂ ਰਾਹੀਂ ਕੰਮ ਕਰਨ ਵੱਲ ਵਧ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਵਿਕੇਂਦਰੀਕ੍ਰਿਤ ਬਣਤਰ ਅੱਤਵਾਦੀ ਸੰਗਠਨਾਂ ਨੂੰ ਆਪਣੀਆਂ ਗਤੀਵਿਧੀਆਂ ਨੂੰ ਵੱਖ-ਵੱਖ ਛੋਟੇ ਗਰੁੱਪਾਂ ਵਿੱਚ ਵੰਡ ਕੇ ਚਲਾਉਣ ਵਿੱਚ ਮਦਦ ਕਰ ਸਕਦੀ ਹੈ। ਇਸ ਕਾਰਨ ਦੱਖਣੀ ਏਸ਼ੀਆ ਵਿੱਚ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਹੋਰ ਵਧ ਸਕਦੀ ਹੈ।
ਬੰਗਲਾਦੇਸ਼ ’ਚ ਵੀ ਨੈੱਟਵਰਕ ਬਣਾਉਣ ਦੀ ਕੋਸ਼ਿਸ਼ ਦਾ ਖਦਸ਼ਾ
UN ਦੀ ਰਿਪੋਰਟ ਵਿੱਚ ਬੰਗਲਾਦੇਸ਼ ਨੂੰ ਲੈ ਕੇ ਵੀ ਚਿੰਤਾ ਜਤਾਈ ਗਈ ਹੈ। ਰਿਪੋਰਟ ਮੁਤਾਬਕ AQIS ਵੱਲੋਂ ਬੰਗਲਾਦੇਸ਼ ਵਿੱਚ ਆਪਣੇ ਸੈੱਲ ਸਥਾਪਤ ਕਰਨ ਲਈ ਇਸ ਖੇਤਰ ਦੀ ਵਰਤੋਂ ਕੀਤੇ ਜਾਣ ਦਾ ਖਦਸ਼ਾ ਹੈ। ਰਿਪੋਰਟ ਵਿੱਚ AQIS ਨੂੰ ਸਿਰਫ਼ ਇੱਕ ਦੇਸ਼ ਤੱਕ ਸੀਮਿਤ ਸੰਗਠਨ ਦੀ ਬਜਾਏ ਖੇਤਰੀ ਅੱਤਵਾਦੀ ਨੈੱਟਵਰਕ ਵਜੋਂ ਵਿਕਸਤ ਹੋ ਰਿਹਾ ਸਮੂਹ ਦੱਸਿਆ ਗਿਆ ਹੈ। ਇਸ ਵਿੱਚ ਪਾਕਿਸਤਾਨ ਸਥਿਤ ਇੱਤਿਹਾਦ-ਉਲ-ਮੁਜਾਹਿਦੀਨ ਪਾਕਿਸਤਾਨ (IMP) ਨਾਲ AQIS ਦੇ ਸਬੰਧਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
NIA ਦੀ ਜਾਂਚ ਵਿੱਚ ਵੀ ਸਾਹਮਣੇ ਆਈ ਸੀ ਅਹਿਮ ਜਾਣਕਾਰੀ
NIA ਦੀ ਜਾਂਚ ਦੌਰਾਨ ਧਮਾਕੇ ਦੇ ਮੁੱਖ ਮੁਲਜ਼ਮ ਡਾ. ਉਮਰ ਉਨ ਨਬੀ ਦੀ ਪਛਾਣ DNA ਅਤੇ ਫਿੰਗਰਪ੍ਰਿੰਟਿੰਗ ਰਾਹੀਂ ਕੀਤੀ ਗਈ ਸੀ। ਉਹ ਪੁਲਵਾਮਾ ਦਾ ਰਹਿਣ ਵਾਲਾ ਸੀ ਅਤੇ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਆਫ ਮੈਡੀਸਨ ਵਜੋਂ ਕੰਮ ਕਰ ਚੁੱਕਾ ਸੀ। ਜਾਂਚ ਏਜੰਸੀ ਮੁਤਾਬਕ, ਮੁਲਜ਼ਮਾਂ ਦਾ ਨੈੱਟਵਰਕ ਸਿਰਫ਼ ਦਿੱਲੀ ਤੱਕ ਸੀਮਿਤ ਨਹੀਂ ਸੀ। ਜਾਂਚ ਵਿੱਚ ਲੈਬ ਨਾਲ ਸਬੰਧਤ ਸਮਾਨ ਅਤੇ ਵਿਸ਼ੇਸ਼ ਉਪਕਰਨ ਇਕੱਠੇ ਕਰਨ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਸੀ।
UN ਰਿਪੋਰਟ ਨਾਲ ਮਾਮਲੇ ਨੂੰ ਮਿਲਿਆ ਅੰਤਰਰਾਸ਼ਟਰੀ ਪੱਖ
UNSC ਮਾਨੀਟਰਿੰਗ ਟੀਮ ਦੀ ਰਿਪੋਰਟ ਵਿੱਚ AQIS ਨੂੰ ਲਾਲ ਕਿਲ੍ਹੇ ਨੇੜੇ ਹੋਏ ਹਮਲੇ ਨਾਲ ਜੋੜੇ ਜਾਣ ਨਾਲ ਇਸ ਮਾਮਲੇ ਦਾ ਅੰਤਰਰਾਸ਼ਟਰੀ ਪੱਖ ਹੋਰ ਗੰਭੀਰ ਹੋ ਗਿਆ ਹੈ। ਹਾਲਾਂਕਿ NIA ਆਪਣੀ ਜਾਂਚ ਵਿੱਚ ਪਹਿਲਾਂ ਹੀ ਮੁਲਜ਼ਮਾਂ ਦੇ AQIS/AGuH ਵਿਚਾਰਧਾਰਾ ਨਾਲ ਪ੍ਰਭਾਵਿਤ ਹੋਣ ਦੀ ਗੱਲ ਕਹਿ ਚੁੱਕੀ ਸੀ। UN ਦੀ ਇਹ ਰਿਪੋਰਟ 16 ਦਸੰਬਰ 2025 ਤੋਂ 9 ਜੂਨ 2026 ਤੱਕ ਦੀ ਮਿਆਦ ਨਾਲ ਸਬੰਧਤ ਜਾਣਕਾਰੀ ਅਤੇ ਮੈਂਬਰ ਦੇਸ਼ਾਂ ਵੱਲੋਂ ਦਿੱਤੇ ਗਏ ਮੁਲਾਂਕਣਾਂ ਨੂੰ ਸ਼ਾਮਲ ਕਰਦੀ ਹੈ।
