ਬਲਵੰਤ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ, 3 ਜੱਜਾਂ ਦੀ ਬੈਂਚ ਕੋਲ ਮਾਮਲਾ ਲਿਸਟ ਕਰਨ ਦੇ ਹੁਕਮ
Balwant Rajoana’s petition in Supreme Court: ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਮੌਤ ਦੀ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਵੱਲੋਂ ਦਾਇਰ ਪਟੀਸ਼ਨ ’ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਰਾਜੋਆਣਾ ਨੇ ਮੌਤ ਦੀ ਸਜ਼ਾ ਨੂੰ ਲੰਬੇ ਸਮੇਂ ਤੋਂ ਲਾਗੂ ਨਾ ਕੀਤੇ ਜਾਣ ਦੇ ਆਧਾਰ ’ਤੇ ਇਸ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਕੀਤੀ।
ਸੁਣਵਾਈ ਦੌਰਾਨ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਅਦਾਲਤ ਨੂੰ ਦੱਸਿਆ ਕਿ ਇਹ ਮਾਮਲਾ ਤਿੰਨ ਜੱਜਾਂ ਦੀ ਬੈਂਚ ਸਾਹਮਣੇ ਜਲਦ ਸੁਣਵਾਈ ਲਈ ਲਗਾਉਣ ਦੀ ਮੰਗ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਕਰੀਬ 30 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਮਾਮਲਾ ਪਿਛਲੇ ਲਗਭਗ ਢਾਈ ਸਾਲਾਂ ਤੋਂ ਲੰਬਿਤ ਹੈ। ਰੋਹਤਗੀ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਆਪਣਾ ਜਵਾਬ ਦਾਖ਼ਲ ਕਰਨ ਲਈ ਵਾਰ-ਵਾਰ ਨਿਰਦੇਸ਼ ਦਿੱਤੇ ਗਏ ਹਨ, ਪਰ ਹਾਲੇ ਤੱਕ ਕੇਂਦਰ ਵੱਲੋਂ ਜਵਾਬ ਨਹੀਂ ਦਿੱਤਾ ਗਿਆ।
ਇਸ ’ਤੇ ਜਸਟਿਸ ਵਿਕਰਮ ਨਾਥ ਨੇ ਕਿਹਾ ਕਿ ਮੌਜੂਦਾ ਦੋ ਜੱਜਾਂ ਦੀ ਬੈਂਚ ਤਿੰਨ ਜੱਜਾਂ ਵਾਲੀ ਬੈਂਚ ਦੇ ਮਾਮਲੇ ਦੀ ਤਾਰੀਖ ਤੈਅ ਨਹੀਂ ਕਰ ਸਕਦੀ। ਅਦਾਲਤ ਨੇ ਸੁਝਾਅ ਦਿੱਤਾ ਕਿ ਇਸ ਮਾਮਲੇ ਨੂੰ ਮੁੱਖ ਜੱਜ ਦੇ ਸਾਹਮਣੇ ਲਿਸਟ ਕਰਨ ਲਈ ਕਿਹਾ ਜਾਵੇ ਜਾਂ ਜਦੋਂ ਤਿੰਨ ਜੱਜਾਂ ਦੀ ਬੈਂਚ ਬਣੇ ਤਾਂ ਮਾਮਲਾ ਉਸ ਦੇ ਸਾਹਮਣੇ ਲਿਆਂਦਾ ਜਾਵੇ।
ਰੋਹਤਗੀ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਹੁਕਮ ਵਿੱਚ ਇਹ ਦਰਜ ਕੀਤਾ ਜਾਵੇ ਕਿ ਮਾਮਲਾ ਜਦੋਂ ਵੀ ਤਿੰਨ ਜੱਜਾਂ ਦੀ ਬੈਂਚ ਗਠਿਤ ਹੋਵੇ, ਉਸ ਸਮੇਂ ਲਿਸਟ ਕੀਤਾ ਜਾਵੇ, ਕਿਉਂਕਿ ਰਾਜੋਆਣਾ ਨੂੰ ਜੇਲ੍ਹ ਵਿੱਚ 30 ਸਾਲ ਹੋ ਚੁੱਕੇ ਹਨ ਅਤੇ ਮਾਮਲੇ ਦੀ ਸੁਣਵਾਈ ਜ਼ਰੂਰੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਦੋ ਜੱਜਾਂ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਨਹੀਂ ਕਰ ਸਕਦੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਤਿੰਨ ਜੱਜਾਂ ਦੀ ਬੈਂਚ ਦੇ ਬੈਠਣ ਸਮੇਂ ਮਾਮਲਾ ਲਿਸਟ ਕਰਨ ਦੇ ਨਿਰਦੇਸ਼ ਦਿੱਤੇ।
ਰਾਜੋਆਣਾ ਦੀ ਪਟੀਸ਼ਨ ਵਿੱਚ ਲੰਬੇ ਸਮੇਂ ਤੋਂ ਮੌਤ ਦੀ ਸਜ਼ਾ ਲਾਗੂ ਨਾ ਹੋਣ ਨੂੰ ਆਧਾਰ ਬਣਾਇਆ ਗਿਆ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ ਤਿੰਨ ਜੱਜਾਂ ਦੀ ਬੈਂਚ ਵੱਲੋਂ ਕੀਤੀ ਜਾਵੇਗੀ।
