ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤ ਆਵੇਗਾ 104 ਪਾਕਿਸਤਾਨੀ ਹਿੰਦੂ-ਸਿੱਖ ਸ਼ਰਧਾਲੂਆਂ ਦਾ ਜਥਾ
- 11 ਸਤੰਬਰ ਨੂੰ ਦੁਬਈ ਰਾਹੀਂ ਦਿੱਲੀ ਪਹੁੰਚੇਗਾ ਜਥਾ, 30 ਦਿਨ ਦਾ ਵੀਜ਼ਾ ਜਾਰੀ
Group of 104 Pakistani Hindu-Sikh pilgrims to come to India: ਅੰਮ੍ਰਿਤਸਰ: ਮਈ 2025 ਵਿੱਚ ਹੋਏ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨੀ ਹਿੰਦੂ-ਸਿੱਖ ਸ਼ਰਧਾਲੂਆਂ ਦਾ ਜਥਾ ਭਾਰਤ ਆ ਰਿਹਾ ਹੈ। ਪਾਕਿਸਤਾਨ ਸਰਕਾਰ ਵੱਲੋਂ 104 ਹਿੰਦੂ-ਸਿੱਖ ਸ਼ਰਧਾਲੂਆਂ ਨੂੰ 30 ਦਿਨ ਦਾ ਵੀਜ਼ਾ ਜਾਰੀ ਕੀਤਾ ਗਿਆ ਹੈ। ਇਹ ਜਥਾ 11 ਸਤੰਬਰ ਨੂੰ ਦੁਬਈ ਦੇ ਰਸਤੇ ਨਵੀਂ ਦਿੱਲੀ ਪਹੁੰਚੇਗਾ। ਜਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ’ਤੇ ਭਾਰਤ ਪਹੁੰਚੇਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਬਤ ਸਿੰਘ ਦੀ ਅਗਵਾਈ ਹੇਠ ਆ ਰਿਹਾ ਇਹ ਜਥਾ ਦਿੱਲੀ ਤੋਂ ਬਾਅਦ ਰਿਸ਼ੀਕੇਸ਼ ਅਤੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰੇਗਾ। ਯਾਤਰਾ ਦੇ 23ਵੇਂ ਦਿਨ ਜਥਾ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇਗਾ। ਅੰਮ੍ਰਿਤਸਰ ਵਿੱਚ ਜਥਾ ਕਰੀਬ ਇੱਕ ਹਫ਼ਤਾ ਠਹਿਰੇਗਾ ਅਤੇ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਪਾਕਿਸਤਾਨ ਪਰਤੇਗਾ।
ਅਟਾਰੀ-ਵਾਘਾ ਰਸਤਾ ਖੋਲ੍ਹਣ ਦੀ ਮੰਗ
ਸਾਬਕਾ ਸੰਸਦ ਮੈਂਬਰ ਅਤੇ ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਅਟਾਰੀ-ਵਾਘਾ ਸੜਕ ਮਾਰਗ ਨੂੰ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਜਥਿਆਂ ਦੇ ਨਾਲ-ਨਾਲ ਆਮ ਨਾਗਰਿਕਾਂ ਦੀ ਆਵਾਜਾਈ ਵੀ ਬਹਾਲ ਕੀਤੀ ਜਾਣੀ ਚਾਹੀਦੀ ਹੈ। ਤਰਲੋਚਨ ਸਿੰਘ ਮੁਤਾਬਕ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਲਈ ਅਟਾਰੀ-ਵਾਘਾ ਰਸਤਾ ਖੋਲ੍ਹਣਾ ਜ਼ਰੂਰੀ ਹੈ।
