ਬਲਕੌਰ ਸਿੰਘ ਦਾ ਵੱਡਾ ਬਿਆਨ: ਕਿਹਾ- ‘ਪੁੱਤ ਸਿੱਧੂ ਦਾ ਸੁਪਨਾ ਪੂਰਾ ਕਰਨ ਲਈ ਚੋਣ ਲੜਨਾ ਚਾਹੁੰਦਾ ਹਾਂ’
- ਕਿਹਾ- ਕਾਂਗਰਸ ਨੇ ਟਿਕਟ ਨਾ ਦਿੱਤੀ ਤਾਂ ਜਿਸ ਉਮੀਦਵਾਰ ਨੂੰ ਮਿਲੇਗੀ, ਉਸਦੀ ਮਦਦ ਕਰਾਂਗਾ
Balkaur Singh’s big statement about Election: ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਉਹ ਆਪਣੇ ਪੁੱਤਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਚੋਣ ਲੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਸਾਲ 2022 ਵਿੱਚ ਲੋਕਾਂ ਲਈ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਾ ਚਾਹੁੰਦਾ ਸੀ। ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਨੇ ਸਰਕਾਰੀ ਹਸਪਤਾਲ ਲਈ ਕਰੀਬ 40 ਲੱਖ ਰੁਪਏ ਖਰਚ ਕੀਤੇ ਸਨ। ਇਸ ਵਿੱਚ ਮੁਰਦਾਘਰ ਲਈ ਦੋ ਵੱਡੇ ਫਰਿੱਜ ਵੀ ਦਿੱਤੇ ਗਏ ਸਨ, ਜਿਨ੍ਹਾਂ ਵਿੱਚ ਮ੍ਰਿਤਕ ਦੇਹਾਂ ਰੱਖੀਆਂ ਜਾ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਕੁਝ ਸਮੇਂ ਬਾਅਦ ਹਾਲਾਤ ਅਜਿਹੇ ਬਣੇ ਕਿ ਜਿਸ ਮੁਰਦਾਘਰ ਲਈ ਸਿੱਧੂ ਨੇ ਇਹ ਸਹੂਲਤ ਦਿੱਤੀ ਸੀ, ਉੱਥੇ ਉਸਦੀ ਆਪਣੀ ਮ੍ਰਿਤਕ ਦੇਹ ਪਈ ਸੀ।
ਅਕਤੂਬਰ ਵਿੱਚ ਵਿਦੇਸ਼ ਜਾਣ ਦੀ ਗੱਲ
ਬਲਕੌਰ ਸਿੰਘ ਨੇ ਕਿਹਾ ਕਿ ਉਹ ਅਕਤੂਬਰ ਵਿੱਚ ਇੱਕ ਸ਼ੋਅ ਸਬੰਧੀ ਵਿਦੇਸ਼ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਕਾਰਨ ਹੁਣ ਤੋਂ ਹੀ ਵੱਡੇ ਸਿਆਸੀ ਆਗੂਆਂ ਦੇ ਉਨ੍ਹਾਂ ਕੋਲ ਫੋਨ ਆਉਣੇ ਸ਼ੁਰੂ ਹੋ ਗਏ ਹਨ।
ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ’ਤੇ ਵੀ ਬੋਲੇ
ਬਲਕੌਰ ਸਿੰਘ ਨੇ ਜੇਲ੍ਹ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਏ ਜਾਣ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਪੁਲਿਸ ਅਧਿਕਾਰੀ ਗੁਰਸ਼ੇਰ ਸਿੰਘ ਦੀ ਬਹਾਲੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਉਸ ਅਧਿਕਾਰੀ ਨੂੰ ਦੁਬਾਰਾ ਬਹਾਲ ਕਰਵਾਇਆ ਗਿਆ ਹੈ।
ਕਾਂਗਰਸ ਦੀ ਟਿਕਟ ਨਾ ਮਿਲੀ ਤਾਂ ਵੀ ਸਮਰਥਨ ਕਰਾਂਗਾ
ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਕਾਂਗਰਸ ਵੱਲੋਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਉਹ ਨਾਰਾਜ਼ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ, ਉਹ ਉਸਦੀ ਮਦਦ ਕਰਨਗੇ। ਉਨ੍ਹਾਂ ਮੁਤਾਬਕ ਚੋਣ ਲੜਨ ਦਾ ਮੁੱਖ ਮਕਸਦ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਵੱਲੋਂ ਲੋਕਾਂ ਲਈ ਦੇਖੇ ਗਏ ਸੁਪਨੇ ਨੂੰ ਅੱਗੇ ਵਧਾਉਣਾ ਹੈ।
