ਆਪਣੇ ਨਾਮ ਦੀ ਸਿਮ ਕਿਸੇ ਹੋਰ ਨੂੰ ਦੇਣ ਵਾਲੇ ਹੋ ਜਾਣ ਸਾਵਧਾਨ ! ਹੋ ਸਕਦਾ ਹੈ 50 ਲੱਖ ਤੱਕ ਜੁਰਮਾਨਾ ਤੇ 3 ਸਾਲ ਦੀ ਸਜ਼ਾ
SIM card registered: ਨਵੀਂ ਦਿੱਲੀ: ਆਪਣੇ ਦਸਤਾਵੇਜ਼ਾਂ ’ਤੇ ਜਾਰੀ ਸਿਮ ਕਾਰਡ ਕਿਸੇ ਹੋਰ ਵਿਅਕਤੀ ਨੂੰ ਦੇਣਾ ਹੁਣ ਭਾਰੀ ਪੈ ਸਕਦਾ ਹੈ। ਦੂਰਸੰਚਾਰ ਵਿਭਾਗ ਨੇ 21 ਸਤੰਬਰ ਨੂੰ ਜਾਰੀ ਨਵੀਂ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਫਰਜ਼ੀ ਪਛਾਣ ਪੱਤਰਾਂ ਦੀ ਵਰਤੋਂ ਕਰਕੇ ਸਿਮ ਖਰੀਦਣ ਜਾਂ ਵੇਚਣ ਅਤੇ ਮੋਬਾਈਲ ਦੇ IMEI ਨੰਬਰ ਨਾਲ ਛੇੜਛਾੜ ਕਰਨ ’ਤੇ 3 ਸਾਲ ਤੱਕ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਸਰਕਾਰ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੰਚਾਰ ਸਾਥੀ ਪੋਰਟਲ ਜਾਂ ਐਪ ’ਤੇ ਜਾ ਕੇ ਤੁਰੰਤ ਜਾਂਚ ਕਰਨ ਕਿ ਉਨ੍ਹਾਂ ਦੀ ID ’ਤੇ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਕੋਈ ਅਣਜਾਣ ਮੋਬਾਈਲ ਨੰਬਰ ਤਾਂ ਐਕਟਿਵ ਨਹੀਂ ਹੈ।
ਛੱਤੀਸਗੜ੍ਹ ਦੇ ਮਾਮਲੇ ਤੋਂ ਬਾਅਦ ਜਾਰੀ ਕੀਤੀ ਐਡਵਾਈਜ਼ਰੀ
ਦੂਰਸੰਚਾਰ ਵਿਭਾਗ ਨੇ ਛੱਤੀਸਗੜ੍ਹ ਵਿੱਚ ਸਾਹਮਣੇ ਆਏ ਇੱਕ ਵੱਡੇ ਸਾਈਬਰ ਫਰਾਡ ਤੋਂ ਬਾਅਦ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ। ਉੱਥੇ ਇੱਕ ਸਿਮ ਵੇਚਣ ਵਾਲੇ ਏਜੰਟ ਨੇ ਲੋਕਾਂ ਦੇ ਦਸਤਾਵੇਜ਼ਾਂ ਦੀ ਕਥਿਤ ਤੌਰ ’ਤੇ ਦੁਰਵਰਤੋਂ ਕਰਕੇ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ 25 ਫਰਜ਼ੀ ਸਿਮ ਐਕਟਿਵ ਕਰ ਦਿੱਤੀਆਂ ਸਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ DoT ਨੇ ਏਜੰਟ ਨੂੰ ਬਲੈਕਲਿਸਟ ਕਰ ਦਿੱਤਾ। ਰੀ-ਵੈਰੀਫਿਕੇਸ਼ਨ ਵਿੱਚ ਅਸਫਲ ਰਹਿਣ ਤੋਂ ਬਾਅਦ ਇਹ ਸਾਰੇ 25 ਨੰਬਰ ਤੁਰੰਤ ਬੰਦ ਕਰ ਦਿੱਤੇ ਗਏ।
ਸਿਮ ਕਿਰਾਏ ’ਤੇ ਦੇਣ ਵਾਲਾ ਵੀ ਫਸ ਸਕਦਾ ਹੈ
ਦੂਰਸੰਚਾਰ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਨਾਮ ’ਤੇ ਸਿਮ ਲੈ ਕੇ ਕਿਸੇ ਹੋਰ ਨੂੰ ਵੇਚਦਾ ਹੈ, ਕਿਰਾਏ ’ਤੇ ਦਿੰਦਾ ਹੈ ਜਾਂ ਉਸ ਨੂੰ ਸਾਈਬਰ ਠੱਗੀ ਲਈ ਵਰਤਣ ਦਿੰਦਾ ਹੈ ਤਾਂ ਉਸ ਖ਼ਿਲਾਫ਼ ਵੀ ਪੁਲਿਸ ਕੇਸ ਅਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਫਰਜ਼ੀ ਦਸਤਾਵੇਜ਼ਾਂ ਨਾਲ ਸਿਮ ਲੈਣਾ, ਪਛਾਣ ਲੁਕਾ ਕੇ ਧੋਖਾਧੜੀ ਕਰਨਾ ਜਾਂ ਕਿਸੇ ਹੋਰ ਦੇ ਨਾਮ ’ਤੇ ਜਾਰੀ ਸਿਮ ਦੀ ਗਲਤ ਵਰਤੋਂ ਕਰਨਾ ਵੀ ਗੰਭੀਰ ਅਪਰਾਧ ਹੈ। ਜੇਕਰ ਕੋਈ ਠੱਗ ਕਿਸੇ ਵਿਅਕਤੀ ਦੇ ਪਛਾਣ ਪੱਤਰ ਦੀ ਵਰਤੋਂ ਕਰਕੇ ਸਿਮ ਜਾਰੀ ਕਰਵਾਉਂਦਾ ਹੈ ਜਾਂ ਪੈਸਿਆਂ ਦਾ ਲਾਲਚ ਦੇ ਕੇ ਕਿਸੇ ਦੀ ਸਿਮ ਲੈ ਕੇ ਉਸ ਰਾਹੀਂ ਸਾਈਬਰ ਅਪਰਾਧ ਕਰਦਾ ਹੈ ਤਾਂ ਅਜਿਹੀ ਸਿਮ ਨੂੰ ‘ਮਿਊਲ ਸਿਮ’ ਕਿਹਾ ਜਾਂਦਾ ਹੈ।
IMEI ਅਤੇ ਕਾਲਿੰਗ ID ਨਾਲ ਛੇੜਛਾੜ ਵੀ ਗੈਰ-ਕਾਨੂੰਨੀ
ਐਡਵਾਈਜ਼ਰੀ ਮੁਤਾਬਕ ਜਿਸ ਮੋਬਾਈਲ ਦੇ IMEI ਨੰਬਰ ਨਾਲ ਛੇੜਛਾੜ ਜਾਂ ਉਸ ਵਿੱਚ ਬਦਲਾਅ ਕੀਤਾ ਗਿਆ ਹੋਵੇ, ਉਸ ਦੀ ਵਰਤੋਂ ਕਰਨਾ ਗੈਰ-ਕਾਨੂੰਨੀ ਹੈ। ਇਸੇ ਤਰ੍ਹਾਂ ਐਪ ਜਾਂ ਵੈੱਬਸਾਈਟ ਰਾਹੀਂ ਕਿਸੇ ਹੋਰ ਵਿਅਕਤੀ ਦਾ ਨੰਬਰ ਦਿਖਾ ਕੇ ਕਾਲ ਕਰਨ ਜਾਂ ਕਾਲਿੰਗ ID ਬਦਲਣ ਵਾਲੇ ਟੂਲਾਂ ਦੀ ਵਰਤੋਂ ਕਰਨਾ ਵੀ ਅਪਰਾਧ ਹੈ। ਸਰਕਾਰ ਨੇ ਅਜਿਹੀ ਗਤੀਵਿਧੀ ਨੂੰ ਦੇਸ਼ ਦੀ ਸੁਰੱਖਿਆ ਅਤੇ ਦੂਰਸੰਚਾਰ ਨੈੱਟਵਰਕ ਲਈ ਖ਼ਤਰਾ ਦੱਸਿਆ ਹੈ।
