ਮੋਹਾਲੀ ’ਚ ED ਦੀ ਮੁੜ ਰੇਡ: ਗਮਾਡਾ ਤੋਂ ਬਾਅਦ ਹੁਣ ਰੀਅਲ ਅਸਟੇਟ ਕੰਪਨੀ ਦੇ ਦਫ਼ਤਰ ’ਤੇ ਛਾਪਾ
ED raids Mohali again: ਮੋਹਾਲੀ: ਗਮਾਡਾ ਦਫ਼ਤਰ ’ਚ ਛਾਪੇਮਾਰੀ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਮੋਹਾਲੀ ਸਥਿਤ ਰੀਅਲ ਅਸਟੇਟ ਕੰਪਨੀ ਟੀਡੀਅਈ ਇਨਫਰਾਟੈੱਕ ਲਿਮਟਿਡ ਦੇ ਦਫ਼ਤਰ ’ਤੇ ਵੀ ਕਾਰਵਾਈ ਕੀਤੀ। ED ਦੀ ਕਰੀਬ 15 ਮੈਂਬਰੀ ਟੀਮ ਨੇ ਸੈਕਟਰ-119 ਸਥਿਤ ਕੰਪਨੀ ਦੇ ਦਫ਼ਤਰ ’ਚ ਪਹੁੰਚ ਕੇ ਰਿਕਾਰਡ ਦੀ ਜਾਂਚ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਟੀਮ ਨੇ ਦਫ਼ਤਰ ਵਿੱਚ ਮੌਜੂਦ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮੋਬਾਈਲ ਫ਼ੋਨ ਆਪਣੇ ਕਬਜ਼ੇ ਵਿੱਚ ਲੈ ਕੇ ਪੁੱਛਗਿੱਛ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਮੁੱਢਲੀ ਜਾਂਚ ਤੋਂ ਬਾਅਦ ਕੁਝ ਕਰਮਚਾਰੀਆਂ ਦੇ ਮੋਬਾਈਲ ਵਾਪਸ ਕੀਤੇ ਜਾਣ ਦੀ ਵੀ ਜਾਣਕਾਰੀ ਹੈ।
ਮਾਮਲਾ PR-6 ਸੜਕ ਲਈ ਜ਼ਮੀਨ ਦੇ ਮੁਆਵਜ਼ੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ED ਨੂੰ ਕੰਪਨੀ ਖ਼ਿਲਾਫ਼ ਜ਼ਮੀਨ ਦੇ ਮੁਆਵਜ਼ੇ ਵਿੱਚ ਕਥਿਤ ਗੜਬੜ ਸਬੰਧੀ ਸ਼ਿਕਾਇਤ ਮਿਲੀ ਸੀ। ਦੋਸ਼ ਹੈ ਕਿ CLU ਤੋਂ ਬਾਅਦ ਕੁਝ ਜ਼ਮੀਨਾਂ ਕੰਪਨੀ ਨਾਲ ਸਬੰਧਤ ਵਿਅਕਤੀਆਂ ਦੇ ਰਿਸ਼ਤੇਦਾਰਾਂ ਦੇ ਨਾਮ ’ਤੇ ਕਰਵਾਈਆਂ ਗਈਆਂ, ਜਿਸ ਰਾਹੀਂ ਵੱਧ ਮੁਆਵਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ। ਸੂਤਰਾਂ ਮੁਤਾਬਕ ਮਾਮਲੇ ਵਿੱਚ ਕਰੀਬ 6 ਕਰੋੜ ਰੁਪਏ ਦੀ ਕਥਿਤ ਗੜਬੜ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਸਾਹਮਣੇ ਆਇਆ ਸੀ। ਬਾਅਦ ਵਿੱਚ ਕੰਪਨੀ ਵੱਲੋਂ ਗਮਾਡਾ ਕੋਲ ਪਹੁੰਚ ਕਰਕੇ ਕੁਝ ਰਜਿਸਟਰੀਆਂ ਰੱਦ ਕਰਨ ਦੀ ਮੰਗ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।
ਸੂਤਰਾਂ ਮੁਤਾਬਕ ED ਵੱਲੋਂ ਇਸ ਮਾਮਲੇ ਦੀ ਪਿਛਲੇ ਕੁਝ ਸਮੇਂ ਤੋਂ ਜਾਂਚ ਕੀਤੀ ਜਾ ਰਹੀ ਸੀ। ਉੱਧਰ, ਕੰਪਨੀ ਵੱਲੋਂ ਹਾਈਕੋਰਟ ਵਿੱਚ ਦਾਇਰ ਪਟੀਸ਼ਨ ਕਾਰਨ ਇੱਕ ਮਹੱਤਵਪੂਰਨ ਸੜਕ ਦੀ ਉਸਾਰੀ ਦਾ ਕੰਮ ਵੀ ਪ੍ਰਭਾਵਿਤ ਹੋਣ ਦੀ ਜਾਣਕਾਰੀ ਹੈ। ਇਸ ਸੜਕ ਲਈ ਜ਼ਮੀਨ ਐਕੁਆਇਰ ਕਰਨ ’ਤੇ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
