ਮਾਨਸੂਨ 2026 ਖ਼ਤਮ: ਦੇਸ਼ ਦਾ 13ਵਾਂ ਸਭ ਤੋਂ ਸੁੱਕਾ ਸੀਜ਼ਨ – 12.6% ਮੀਂਹ ਘੱਟ ਪਿਆ
Monsoon 2026 Ends: Country’s 13th Driest Season: ਨਵੀਂ ਦਿੱਲੀ: ਮਾਨਸੂਨ-2026 ਆਮ ਨਾਲੋਂ 12.6 ਫੀਸਦੀ ਘੱਟ ਮੀਂਹ ਨਾਲ ਖ਼ਤਮ ਹੋ ਗਿਆ। ਇਸ ਵਾਰ ਦੇਸ਼ ਦੇ 43 ਫੀਸਦੀ ਜ਼ਿਲ੍ਹਿਆਂ ਵਿੱਚ 20 ਤੋਂ 72 ਫੀਸਦੀ ਤੱਕ ਘੱਟ ਮੀਂਹ ਦਰਜ ਕੀਤਾ ਗਿਆ। ਪੰਜਾਬ, ਹਰਿਆਣਾ, ਬਿਹਾਰ, ਮਹਾਰਾਸ਼ਟਰ, ਗੁਜਰਾਤ ਅਤੇ ਦੱਖਣੀ ਭਾਰਤ ਦੇ ਪੰਜ ਸੂਬੇ ਮੀਂਹ ਦੀ ਕਮੀ ਨਾਲ ਪ੍ਰਭਾਵਿਤ ਰਹੇ। ਦੂਜੇ ਪਾਸੇ ਪੂਰਬੀ ਭਾਰਤ ਦੇ ਓਡੀਸ਼ਾ ਵਿੱਚ ਆਮ ਨਾਲੋਂ 30 ਫੀਸਦੀ ਵੱਧ ਮੀਂਹ ਪਿਆ। ਮੀਂਹ ਲਈ ਜਾਣੇ ਜਾਂਦੇ ਉੱਤਰ-ਪੂਰਬੀ ਭਾਰਤ ਦੇ ਸੂਬਿਆਂ ਵਿੱਚ ਇਸ ਸਾਲ 1901 ਤੋਂ ਬਾਅਦ ਸਭ ਤੋਂ ਘੱਟ ਮਾਨਸੂਨੀ ਮੀਂਹ ਦਰਜ ਕੀਤਾ ਗਿਆ ਹੈ। 2020 ਤੋਂ ਬਾਅਦ ਉੱਤਰ-ਪੂਰਬੀ ਸੂਬਿਆਂ ਵਿੱਚ ਮਾਨਸੂਨ ਦੌਰਾਨ ਮੀਂਹ ਵਿੱਚ ਲਗਾਤਾਰ ਕਮੀ ਦਾ ਰੁਝਾਨ ਦੇਖਿਆ ਜਾ ਰਿਹਾ ਹੈ।
11 ਸਾਲਾਂ ਬਾਅਦ ਸਭ ਤੋਂ ਸੁੱਕਾ ਮਾਨਸੂਨ
ਦੇਸ਼ ਭਰ ਵਿੱਚ ਇਸ ਵਾਰ ਦਾ ਮਾਨਸੂਨ 13ਵਾਂ ਸਭ ਤੋਂ ਸੁੱਕਾ ਮਾਨਸੂਨ ਰਿਹਾ ਹੈ। ਪਿਛਲੇ 11 ਸਾਲਾਂ ਵਿੱਚ ਵੀ ਇਹ ਸਭ ਤੋਂ ਘੱਟ ਮੀਂਹ ਵਾਲਾ ਮਾਨਸੂਨ ਰਿਹਾ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਵਿੱਚ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਬਾਕੀ ਹਿੱਸਿਆਂ ਤੋਂ ਇਲਾਵਾ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਅਤੇ ਬਿਹਾਰ, ਝਾਰਖੰਡ, ਛੱਤੀਸਗੜ੍ਹ ਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਤੋਂ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਜਾਵੇਗੀ।
ਹਾਲਾਂਕਿ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਸੂਬਿਆਂ ਵਿੱਚ ਭਾਰੀ ਮੀਂਹ ਦਾ ਦੌਰ ਜਾਰੀ ਰਹੇਗਾ। ਮੌਸਮ ਵਿਭਾਗ ਅਨੁਸਾਰ 10 ਅਕਤੂਬਰ ਤੱਕ ਦੇਸ਼ ਦੇ ਸਾਰੇ ਹਿੱਸਿਆਂ ਤੋਂ ਦੱਖਣ-ਪੱਛਮੀ ਮਾਨਸੂਨ ਵਾਪਸ ਹੋ ਜਾਵੇਗਾ। ਇਸ ਤੋਂ ਬਾਅਦ 15 ਅਕਤੂਬਰ ਦੇ ਆਸ-ਪਾਸ ਦੱਖਣੀ ਅਤੇ ਉੱਤਰ-ਪੂਰਬੀ ਸੂਬਿਆਂ ਵਿੱਚ ਉੱਤਰ-ਪੂਰਬੀ ਮਾਨਸੂਨ ਦਸਤਕ ਦੇ ਸਕਦਾ ਹੈ।
ਸਤੰਬਰ ਦੇ ਆਖਰੀ ਹਫ਼ਤੇ ਨੇ ਘਾਟ ਘਟਾਈ
ਮਾਨਸੂਨ ਦੀ ਵਾਪਸੀ 19 ਸਤੰਬਰ ਤੋਂ ਸ਼ੁਰੂ ਹੋ ਗਈ ਸੀ, ਪਰ ਸੀਜ਼ਨ ਦੇ ਆਖਰੀ ਦਿਨਾਂ ਵਿੱਚ ਹੋਈ ਚੰਗੀ ਬਾਰਿਸ਼ ਨੇ ਮੀਂਹ ਦੀ ਕਮੀ ਨੂੰ ਕੁਝ ਹੱਦ ਤੱਕ ਪੂਰਾ ਕਰ ਦਿੱਤਾ। ਇੱਕ ਹਫ਼ਤਾ ਪਹਿਲਾਂ ਦੇਸ਼ ਵਿੱਚ ਆਮ ਨਾਲੋਂ 15 ਫੀਸਦੀ ਘੱਟ ਮੀਂਹ ਸੀ, ਜੋ ਮਾਨਸੂਨ ਖ਼ਤਮ ਹੋਣ ਤੱਕ ਘਟ ਕੇ 12.6 ਫੀਸਦੀ ਰਹਿ ਗਿਆ।
ਸਤੰਬਰ ਦੇ ਆਖਰੀ ਹਫ਼ਤੇ ਵਿੱਚ ਆਮ ਨਾਲੋਂ ਲਗਭਗ 50 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ। ਮਾਨਸੂਨ ਦੇ 122 ਦਿਨਾਂ ਵਿੱਚੋਂ 77 ਦਿਨ ਕਿਸੇ ਨਾ ਕਿਸੇ ਮੌਸਮੀ ਪ੍ਰਣਾਲੀ ਦੇ ਸਰਗਰਮ ਰਹਿਣ ਕਾਰਨ ਮੀਂਹ ਪੈਂਦਾ ਰਿਹਾ।
ਅਲ ਨੀਨੋ ਦਾ ਅਸਰ ਘਟਣ ਦੀ ਸੰਭਾਵਨਾ
ICICI ਬੈਂਕ ਦੀ ਰਿਪੋਰਟ ਮੁਤਾਬਕ ਇੰਡੀਅਨ ਓਸ਼ਨ ਡਾਈਪੋਲ (IOD) ਸੂਚਕ 0.76 ਦੇ ਪੱਧਰ ਨਾਲ ਪਾਜ਼ੀਟਿਵ ਜ਼ੋਨ ਵਿੱਚ ਪਹੁੰਚ ਗਿਆ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਮਜ਼ਬੂਤ ਹੋ ਰਹੇ ਅਲ ਨੀਨੋ ਦੇ ਮਾੜੇ ਪ੍ਰਭਾਵ ਦੀ ਕੁਝ ਹੱਦ ਤੱਕ ਭਰਪਾਈ ਹੋ ਸਕਦੀ ਹੈ। ਹਾਲਾਂਕਿ ਅਲ ਨੀਨੋ ਹਾਲੇ ਵੀ ਮਾਨਸੂਨ ਲਈ ਇੱਕ ਵੱਡਾ ਜੋਖਮ ਬਣਿਆ ਹੋਇਆ ਹੈ। ਅਕਤੂਬਰ ਤੋਂ ਦਸੰਬਰ ਦੌਰਾਨ ਦੇਸ਼ ਵਿੱਚ ਕੁੱਲ ਮਿਲਾ ਕੇ ਆਮ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ, ਪਰ ਅਕਤੂਬਰ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦਾ ਅਨੁਮਾਨ ਹੈ।
