ਤਿਉਹਾਰੀ ਸੀਜ਼ਨ ’ਚ ਬਾਜ਼ਾਰ ਬੰਦ ਦੀ ਕਾਲ ਤੋਂ ਵਪਾਰੀ ਚਿੰਤਤ, ਦੁਕਾਨਦਾਰਾਂ ਨੇ ਕੀਤੀ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਅਪੀਲ
Traders concerned over call for market shutdown: ਸਮਰਾਲਾ: ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰ ਬੰਦ ਰੱਖਣ ਦੇ ਸੱਦੇ ਨੂੰ ਲੈ ਕੇ ਵਪਾਰੀ ਵਰਗ ਵਿੱਚ ਚਿੰਤਾ ਪਾਈ ਜਾ ਰਹੀ ਹੈ। ਇਸ ਸਬੰਧੀ ਸਮਰਾਲਾ ਦੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਕਿਸਾਨ ਜਥੇਬੰਦੀਆਂ ਅਤੇ ਹੋਰ ਸਬੰਧਤ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਬਾਜ਼ਾਰ ਖੁੱਲ੍ਹੇ ਰੱਖਣ ਦਿੱਤੇ ਜਾਣ, ਤਾਂ ਜੋ ਦੁਕਾਨਦਾਰ ਆਪਣੇ ਪਰਿਵਾਰਾਂ ਦੀ ਰੋਜ਼ੀ-ਰੋਟੀ ਕਮਾ ਸਕਣ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਭਾਰਦਵਾਜ ਅਤੇ ਕੱਪੜਾ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਰਾਜੂ ਨੇ ਕਿਹਾ ਕਿ ਵਪਾਰੀ ਵਰਗ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਵੱਲੋਂ ਦਿੱਲੀ ਵਿੱਚ ਅੰਦੋਲਨ ਕੀਤਾ ਗਿਆ ਸੀ, ਉਸ ਸਮੇਂ ਵੀ ਵਪਾਰੀਆਂ ਨੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਬਾਜ਼ਾਰ ਬੰਦ ਕਰਵਾਉਣ ਨਾਲ ਸਰਕਾਰ ’ਤੇ ਕਿੰਨਾ ਅਸਰ ਪੈਂਦਾ ਹੈ, ਇਹ ਵੱਖਰਾ ਸਵਾਲ ਹੈ, ਪਰ ਇਸ ਦਾ ਸਿੱਧਾ ਨੁਕਸਾਨ ਦੁਕਾਨਦਾਰਾਂ ਨੂੰ ਝੱਲਣਾ ਪੈਂਦਾ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਵਪਾਰੀਆਂ ਨੂੰ ਚੰਗੇ ਕਾਰੋਬਾਰ ਦੀ ਉਮੀਦ ਹੁੰਦੀ ਹੈ ਅਤੇ ਬਾਜ਼ਾਰ ਬੰਦ ਰਹਿਣ ਨਾਲ ਉਨ੍ਹਾਂ ਦੀ ਆਮਦਨ ਪ੍ਰਭਾਵਿਤ ਹੁੰਦੀ ਹੈ।
ਦੁਕਾਨਦਾਰਾਂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਬੰਦ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਅਤੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਹੱਕਾਂ ਅਤੇ ਸੰਘਰਸ਼ਾਂ ਦੇ ਨਾਲ ਹਨ, ਪਰ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
