ਤਿਰੰਗਾ ਮਾਰਚ: ਅਭਿਜੀਤ ਦੀਪਕੇ ਗ੍ਰਿਫ਼ਤਾਰ, ਨੇਹਾ ਬੋਰਾ ਰਿਹਾਅ
- CJP ਨੇ ਪੁੱਛਿਆ—ਅਭਿਜੀਤ ਕਿੱਥੇ ਹਨ ?
- ਤਿਰੰਗਾ ਮਾਰਚ ਦੌਰਾਨ ਦੋਵਾਂ ਨੂੰ ਲਿਆ ਗਿਆ ਸੀ ਹਿਰਾਸਤ ਵਿੱਚ
- ਨੇਹਾ ਨੂੰ 13 ਘੰਟਿਆਂ ਬਾਅਦ ਛੱਡਿਆ
Tiranga March: Abhijit Dipke arrested, Neha Bora released: ਨਵੀਂ ਦਿੱਲੀ: ਦਿੱਲੀ ਪੁਲਿਸ ਨੇ AISA ਦੀ ਕੌਮੀ ਪ੍ਰਧਾਨ ਨੇਹਾ ਬੋਰਾ ਨੂੰ ਸ਼ਨੀਵਾਰ ਸਵੇਰੇ 6 ਵਜੇ ਰਿਹਾਅ ਕਰ ਦਿੱਤਾ, ਜਦਕਿ ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨੇਹਾ ਨੂੰ ਪੁਲਿਸ ਨੇ ਲਗਭਗ 13 ਘੰਟੇ ਹਿਰਾਸਤ ਵਿੱਚ ਰੱਖਿਆ। ਦਿੱਲੀ ਪੁਲਿਸ ਨੇ 16 ਅਕਤੂਬਰ ਦੀ ਸ਼ਾਮ ਨੂੰ ਤਿਰੰਗਾ ਮਾਰਚ ਦੌਰਾਨ ਨੇਹਾ ਬੋਰਾ ਅਤੇ ਸਮਾਜਿਕ ਕਾਰਕੁਨ ਅਭਿਜੀਤ ਦੀਪਕੇ ਨੂੰ ਹਿਰਾਸਤ ਵਿੱਚ ਲਿਆ ਸੀ। ਨੇਹਾ ਨੂੰ ਮੰਡੀ ਹਾਊਸ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਪੁਲਿਸ ਅਨੁਸਾਰ, ਦਿੱਲੀ ਪੁਲਿਸ ਐਕਟ ਦੀ ਧਾਰਾ 65 ਤਹਿਤ ਲੋੜੀਂਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ।
ਅਭਿਜੀਤ ਖ਼ਿਲਾਫ਼ BNSS ਤਹਿਤ ਕਾਰਵਾਈ
ਪੁਲਿਸ ਮੁਤਾਬਕ, ਅਭਿਜੀਤ ਦੀਪਕੇ ਖ਼ਿਲਾਫ਼ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀਆਂ ਧਾਰਾਵਾਂ 126 ਅਤੇ 170 ਤਹਿਤ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੂੰ ਐੱਸਈਐੱਮ (SEM) ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਅਭਿਜੀਤ ਨੂੰ ਕਿੱਥੇ ਰੱਖਿਆ ਗਿਆ ਹੈ, ਇਸ ਬਾਰੇ ਹਾਲੇ ਜਾਣਕਾਰੀ ਸਾਹਮਣੇ ਨਹੀਂ ਆਈ। ਛੇ ਦਿਨਾਂ ਦੇ ਅੰਦਰ ਉਨ੍ਹਾਂ ਨੂੰ ਦੂਜੀ ਵਾਰ ਹਿਰਾਸਤ ਵਿੱਚ ਲਿਆ ਗਿਆ ਹੈ।
ਛੇ ਦਿਨਾਂ ਵਿੱਚ ਦੂਜੀ ਵਾਰ ਹਿਰਾਸਤ
ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਤੋਂ ਪਹਿਲਾਂ ਅਭਿਜੀਤ ਦੀਪਕੇ ਨੂੰ ਜਹਾਜ਼ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ ਨੂੰ ਅਗਲੇ ਦਿਨ ਛੱਡ ਦਿੱਤਾ ਗਿਆ ਸੀ। ਹੁਣ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ CJP ਵੱਲੋਂ ਸਵਾਲ ਉਠਾਇਆ ਗਿਆ ਹੈ ਕਿ ਅਭਿਜੀਤ ਦੀਪਕੇ ਕਿੱਥੇ ਹਨ ਅਤੇ ਉਨ੍ਹਾਂ ਨੂੰ ਕਿੱਥੇ ਰੱਖਿਆ ਗਿਆ ਹੈ।
