ਫਲਾਈਓਵਰ ‘ਤੇ ਲੜਕੀ ਦੀ ਲਾਸ਼ ਮਿਲਣ ਨਾਲ ਫ਼ੈਲੀ ਸਨਸਨੀ, ਮਾਮਲੇ ਦੀ ਪੁਲਿਸ ਜਾਂਚ ਜਾਰੀ
Hoshiarpur girl dead body Found; ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਣ ਰਹੇ ਨੈਸ਼ਨਲ ਹਾਈਵੇਅ ’ਤੇ ਪਿੰਡ ਛਾਉਣੀ ਕਲਾਂ ਨੇੜੇ ਫਲਾਈਓਵਰ ਦੇ ਉੱਪਰ ਸੜਕ ਕਿਨਾਰੇ ਇੱਕ ਕਰੀਬ 20 ਸਾਲਾ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕਾ ਦੀ ਪਛਾਣ ਨੂਰ ਵਾਸੀ ਬਜਵਾੜਾ ਵਜੋਂ ਹੋਈ ਹੈ। ਲੜਕੀ ਦੇ ਗਲੇ ’ਤੇ ਡੂੰਘੇ ਕੱਟ ਦੇ ਨਿਸ਼ਾਨ ਮਿਲੇ ਹਨ, ਜਿਸ ਕਾਰਨ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ, ਇੱਕ ਰਾਹਗੀਰ ਨੇ ਸੜਕ ਕਿਨਾਰੇ ਲੜਕੀ ਦੀ ਲਾਸ਼ ਪਈ ਹੋਣ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ ਕੁਲਭੂਸ਼ਣ ਸ਼ਰਮਾ ਅਤੇ ਐੱਸਐੱਚਓ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ।
ਡੀਐੱਸਪੀ ਸਿਟੀ ਕੁਲਭੂਸ਼ਣ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਲੜਕੀ ਦੇ ਗਲੇ ’ਤੇ ਡੂੰਘੇ ਕੱਟ ਦੇ ਨਿਸ਼ਾਨ ਮਿਲੇ ਹਨ। ਮੁੱਢਲੇ ਤੌਰ ’ਤੇ ਮੌਤ ਦਾ ਕਾਰਨ ਗਲੇ ’ਤੇ ਲੱਗੇ ਡੂੰਘੇ ਕੱਟ ਹੋਣ ਦਾ ਖ਼ਦਸ਼ਾ ਹੈ, ਪਰ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।
ਮਾਮਲੇ ਵਿੱਚ ਕਿਸੇ ਗੈਂਗਵਾਰ ਜਾਂ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਬਾਰੇ ਪੁੱਛੇ ਜਾਣ ’ਤੇ ਡੀਐੱਸਪੀ ਨੇ ਕਿਹਾ ਕਿ ਫਿਲਹਾਲ ਇਸ ਸਬੰਧੀ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਪੁਲਿਸ ਵੱਲੋਂ ਫੋਰੈਂਸਿਕ ਸਬੂਤਾਂ ਦੀ ਜਾਂਚ ਸਮੇਤ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।