ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ’ਤੇ ਲੱਗਣਗੇ ਅੱਜ ਵਿਸ਼ੇਸ਼ ਕੈਂਪ, ਵੋਟਰ ਸੂਚੀ ’ਚ ਨਾਮ ਚੈੱਕ ਕਰਨ ਦਾ ਮੌਕਾ
Punjab Voter List; ਪੰਜਾਬ ਵਿੱਚ ਅੱਜ 24 ਅਕਤੂਬਰ ਨੂੰ ਸਾਰੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਕੈਂਪ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਣਗੇ। ਇਨ੍ਹਾਂ ਦੌਰਾਨ ਵੋਟਰ ਆਪਣਾ ਨਾਮ ਵੋਟਰ ਸੂਚੀ ਵਿੱਚ ਚੈੱਕ ਕਰ ਸਕਣਗੇ। ਇਸ ਤੋਂ ਇਲਾਵਾ ਨਵੀਂ ਵੋਟ ਬਣਵਾਉਣ ਅਤੇ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਨੂੰ ਠੀਕ ਕਰਵਾਉਣ ਲਈ ਵੀ ਅਰਜ਼ੀਆਂ ਦਿੱਤੀਆਂ ਜਾ ਸਕਣਗੀਆਂ।
ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਇਹ ਕੈਂਪ ਲਗਾਏ ਜਾ ਰਹੇ ਹਨ। ਵੋਟਰ 12 ਅਕਤੂਬਰ ਨੂੰ ਪ੍ਰਕਾਸ਼ਿਤ ਵਿਸ਼ੇਸ਼ ਗਹਿਰਾਈ ਨਾਲ ਸੋਧ (SIR) 2026 ਦੀ ਅੰਤਿਮ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਹੋਰ ਵੇਰਵੇ ਚੈੱਕ ਕਰ ਸਕਦੇ ਹਨ।
1 ਜਨਵਰੀ 2027 ਤੱਕ ਬਣਵਾ ਸਕਣਗੇ ਨਵੀਂ ਵੋਟ
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਆਉਣ ਵਾਲੀ ਵਿਸ਼ੇਸ਼ ਸੰਖੇਪ ਸੋਧ (SSR) ਤਹਿਤ ਵੋਟ ਬਣਵਾਉਣ ਲਈ ਯੋਗਤਾ ਦੀ ਤਾਰੀਖ 1 ਜਨਵਰੀ 2027 ਤੈਅ ਕੀਤੀ ਗਈ ਹੈ। ਇਸ ਤਾਰੀਖ ਤੱਕ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਫਾਰਮ ਨੰਬਰ 6 ਭਰ ਕੇ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ।
12 ਨਵੰਬਰ ਨੂੰ ਜਾਰੀ ਹੋਵੇਗੀ ਮੁੱਢਲੀ ਵੋਟਰ ਸੂਚੀ
SSR ਦੇ ਤੈਅ ਪ੍ਰੋਗਰਾਮ ਮੁਤਾਬਕ ਪੰਜਾਬ ਵਿੱਚ 12 ਨਵੰਬਰ ਨੂੰ ਮੁੱਢਲੀ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਸੂਚੀ ਸਬੰਧੀ 12 ਨਵੰਬਰ ਤੋਂ 11 ਦਸੰਬਰ ਤੱਕ ਦਾਅਵੇ ਅਤੇ ਇਤਰਾਜ਼ ਦਰਜ ਕਰਵਾਏ ਜਾ ਸਕਣਗੇ। ਇਸ ਤੋਂ ਬਾਅਦ 4 ਜਨਵਰੀ 2027 ਨੂੰ ਅੰਤਿਮ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ।
ਵੋਟਰਾਂ ਨੂੰ ਕੈਂਪਾਂ ਦਾ ਲਾਭ ਲੈਣ ਦੀ ਅਪੀਲ
ਅਨਿੰਦਿਤਾ ਮਿੱਤਰਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਆਪਣੇ ਸਬੰਧਤ ਪੋਲਿੰਗ ਬੂਥ ’ਤੇ ਲੱਗਣ ਵਾਲੇ ਕੈਂਪ ਵਿੱਚ ਪਹੁੰਚ ਕੇ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਵੇਰਵੇ ਜ਼ਰੂਰ ਚੈੱਕ ਕਰਨ। ਖ਼ਾਸ ਤੌਰ ’ਤੇ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨਾਂ ਨੂੰ ਨਵੀਂ ਵੋਟ ਬਣਵਾਉਣ ਲਈ ਅਰਜ਼ੀ ਦੇਣ ਦੀ ਅਪੀਲ ਕੀਤੀ ਗਈ ਹੈ।