ਕੰਗਨਾ ਰਨੌਤ ਕੇਸ ਦੀ ਸੁਣਵਾਈ 5 ਨਵੰਬਰ ਤੱਕ ਮੁਲਤਵੀ
- ਵ੍ਹੀਲਚੇਅਰ ’ਤੇ ਅਦਾਲਤ ਪਹੁੰਚੀ ਮਾਤਾ ਮਹਿੰਦਰ ਕੌਰ
- ਕੰਗਨਾ ਵਰਚੁਅਲ ਮਾਧਿਅਮ ਰਾਹੀਂ ਹੋਈ ਪੇਸ਼
ਬਠਿੰਡਾ: ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਨੌਤ ਵਿਰੁੱਧ ਚੱਲ ਰਹੇ ਮਾਣਹਾਨੀ ਮਾਮਲੇ ਦੀ ਸੁਣਵਾਈ ਬਠਿੰਡਾ ਅਦਾਲਤ ਵਿੱਚ 5 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਮਾਮਲੇ ਦੀ ਸ਼ਿਕਾਇਤਕਰਤਾ 80 ਸਾਲਾ ਮਾਤਾ ਮਹਿੰਦਰ ਕੌਰ ਬਿਮਾਰ ਹੋਣ ਦੇ ਬਾਵਜੂਦ ਵ੍ਹੀਲਚੇਅਰ ’ਤੇ ਅਦਾਲਤ ਪਹੁੰਚੇ। ਦੂਜੇ ਪਾਸੇ, ਕੰਗਨਾ ਰਨੌਤ ਵਰਚੁਅਲ ਮਾਧਿਅਮ ਰਾਹੀਂ ਅਦਾਲਤ ਵਿੱਚ ਪੇਸ਼ ਹੋਈ। ਹਾਲਾਂਕਿ, ਅਦਾਲਤੀ ਸਮਾਂ ਖ਼ਤਮ ਹੋਣ ਕਾਰਨ ਉਨ੍ਹਾਂ ਦੀ ਗਵਾਹੀ ਪੂਰੀ ਨਹੀਂ ਹੋ ਸਕੀ।
ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਉਹ ਇਨਸਾਫ਼ ਲਈ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਹ 100 ਰੁਪਏ ਲਈ ਧਰਨਿਆਂ ਵਿੱਚ ਨਹੀਂ ਜਾਂਦੇ, ਸਗੋਂ ਆਪਣੀਆਂ ਜ਼ਮੀਨਾਂ ਅਤੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਦੇ ਹਨ। ਮਾਤਾ ਮਹਿੰਦਰ ਕੌਰ ਨੇ ਦੋਸ਼ ਲਾਇਆ ਕਿ ਕੰਗਨਾ ਰਨੌਤ ਦੀ ਕਥਿਤ ਅਪਮਾਨਜਨਕ ਟਿੱਪਣੀ ਨਾਲ ਉਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਅਦਾਲਤ ਤੋਂ ਇਨਸਾਫ਼ ਮਿਲਣ ਦੀ ਉਮੀਦ ਪ੍ਰਗਟਾਈ।
ਮਾਤਾ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਅਦਾਲਤ ਦਾ ਸਮਾਂ ਸਮਾਪਤ ਹੋਣ ਕਾਰਨ ਗਵਾਹੀ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ। ਉਨ੍ਹਾਂ ਇਹ ਵੀ ਦੱਸਿਆ ਕਿ ਮਾਤਾ ਮਹਿੰਦਰ ਕੌਰ ਨੂੰ ਸਿਰ ਦਰਦ ਦੀ ਸ਼ਿਕਾਇਤ ਸੀ। ਹੁਣ ਮਾਮਲੇ ਦੀ ਅਗਲੀ ਸੁਣਵਾਈ 5 ਨਵੰਬਰ ਨੂੰ ਹੋਵੇਗੀ।