ਪਾਕਿਸਤਾਨ ਦੇ ਬਲੋਚਿਸਤਾਨ ’ਚ ਵੱਡੀ ਵਾਰਦਾਤ, ਕਲਾਤ ਦੇ ਖ਼ਾਨ ਦਾ ਪੁੱਤ ਅਗਵਾ
- ਖੁਜ਼ਦਾਰ ਤੋਂ ਕਲਾਤ ਜਾਂਦੇ ਸਮੇਂ ਹਥਿਆਰਬੰਦ ਲੋਕਾਂ ਨੇ ਰਾਹ ’ਚ ਰੋਕੀ ਗੱਡੀ
- ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਭਾਲ ਸ਼ੁਰੂ
ਨਵੀਂ ਦਿੱਲੀ: ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਵਿੱਚ ਕਲਾਤ ਦੇ ਮੌਜੂਦਾ ਖ਼ਾਨ ਸੁਲੇਮਾਨ ਖ਼ਾਨ ਦਾਊਦ ਦੇ ਪੁੱਤਰ ਪ੍ਰਿੰਸ ਮੁਹੰਮਦ ਖ਼ਾਨ ਅਹਿਮਦਜ਼ਈ ਨੂੰ ਅਗਵਾ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ, ਰਾਜਕੁਮਾਰ ਦੇ ਨਾਲ ਮੌਜੂਦ ਉਨ੍ਹਾਂ ਦੇ ਤਿੰਨ ਸੁਰੱਖਿਆ ਕਰਮਚਾਰੀਆਂ ਨੂੰ ਵੀ ਅਗਵਾਕਾਰ ਆਪਣੇ ਨਾਲ ਲੈ ਗਏ ਹਨ।
ਕਵੇਟਾ ਸਥਿਤ ਪੁਲਿਸ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਅਨੁਸਾਰ, ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੋਮਵਾਰ ਰਾਤ ਨੂੰ ਜਦੋਂ ਪ੍ਰਿੰਸ ਅਹਿਮਦਜ਼ਈ ਖੁਜ਼ਦਾਰ ਤੋਂ ਕਲਾਤ ਜਾ ਰਹੇ ਸਨ, ਤਾਂ ਹਾਈਵੇਅ ’ਤੇ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ। ਇਸ ਤੋਂ ਬਾਅਦ ਹਮਲਾਵਰ ਉਨ੍ਹਾਂ ਅਤੇ ਤਿੰਨ ਸੁਰੱਖਿਆ ਕਰਮਚਾਰੀਆਂ ਨੂੰ ਅਣਪਛਾਤੀ ਥਾਂ ’ਤੇ ਲੈ ਗਏ।
ਘਟਨਾ ਤੋਂ ਬਾਅਦ ਪੁਲਿਸ, ਸੁਰੱਖਿਆ ਏਜੰਸੀਆਂ ਅਤੇ ਹੋਰ ਸਬੰਧਤ ਅਧਿਕਾਰੀਆਂ ਨੇ ਅਗਵਾ ਕੀਤੇ ਗਏ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ, ਅਜੇ ਤੱਕ ਉਨ੍ਹਾਂ ਦੇ ਟਿਕਾਣੇ ਜਾਂ ਅਗਵਾ ਦੀ ਘਟਨਾ ਪਿੱਛੇ ਮਕਸਦ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਬਲੋਚਿਸਤਾਨ ਵਿੱਚ ਕਿਉਂ ਅਹਿਮ ਹੈ ‘ਖ਼ਾਨ ਆਫ਼ ਕਲਾਤ’ ਦਾ ਪਰਿਵਾਰ ?
‘ਖ਼ਾਨ ਆਫ਼ ਕਲਾਤ’ ਬਲੋਚਿਸਤਾਨ ਦੇ ਇਤਿਹਾਸ ਨਾਲ ਜੁੜਿਆ ਇੱਕ ਮਹੱਤਵਪੂਰਨ ਖ਼ਿਤਾਬ ਹੈ। ਇਹ ਪਹਿਲਾਂ ਕਲਾਤ ਰਿਆਸਤ ਦੇ ਸ਼ਾਸਕਾਂ ਲਈ ਵਰਤਿਆ ਜਾਂਦਾ ਸੀ। ਇਸ ਰਿਆਸਤ ਦਾ ਕੇਂਦਰ ਮੌਜੂਦਾ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਸਥਿਤ ਕਲਾਤ ਸ਼ਹਿਰ ਸੀ ਅਤੇ ਇਸ ਦੀ ਅਗਵਾਈ ਬ੍ਰਾਹੂਈ ਭਾਈਚਾਰੇ ਨਾਲ ਜੁੜੀ ਹੋਈ ਸੀ।
ਕਲਾਤ ਦੇ ਮੌਜੂਦਾ ਖ਼ਾਨ ਸੁਲੇਮਾਨ ਦਾਊਦ ਯੂਨਾਈਟਿਡ ਕਿੰਗਡਮ ਵਿੱਚ ਰਹਿੰਦੇ ਹਨ। ਬਲੋਚਿਸਤਾਨ ਵਿੱਚ ਇਸ ਪਰਿਵਾਰ ਨੂੰ ਇਤਿਹਾਸਕ ਮਹੱਤਤਾ ਹਾਸਲ ਹੈ। ਖੇਤਰ ਦੀ ਸਿਆਸੀ ਏਕਤਾ, ਵੱਖਰੀ ਪਛਾਣ ਅਤੇ ਸੱਭਿਆਚਾਰਕ ਵਿਰਾਸਤ ਨਾਲ ਇਸ ਪਰਿਵਾਰ ਦੀ ਭੂਮਿਕਾ ਨੂੰ ਜੋੜ ਕੇ ਦੇਖਿਆ ਜਾਂਦਾ ਹੈ। ਇਸੇ ਕਾਰਨ ਖ਼ਾਨ ਦੇ ਪੁੱਤਰ ਦੇ ਅਗਵਾ ਹੋਣ ਦੀ ਘਟਨਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ।