ਜਲੰਧਰ ’ਚ ਭਿਆਨਕ ਸੜਕ ਹਾਦਸਾ, ਬਰਥਡੇ ਪਾਰਟੀ ਤੋਂ ਪਰਤ ਰਹੇ ਦੋ ਦੋਸਤਾਂ ਦੀ ਮੌਤ
- ਮ੍ਰਿਤਕਾਂ ‘ਚ ਸਪੀਡ ਰਿਕਾਰਡ ਕੰਪਨੀ ਦੇ ਮਾਲਕ ਦਾ ਪੁੱਤ ਵੀ
ਜਲੰਧਰ: ਸ਼ਹਿਰ ਵਿੱਚ ਐਤਵਾਰ ਤੜਕੇ ਵਾਪਰੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਪੁਲਿਸ ਲਾਈਨ ਨੇੜੇ ਸਥਿਤ ਫਲਾਈਓਵਰ ’ਤੇ ਉਸ ਸਮੇਂ ਵਾਪਰਿਆ, ਜਦੋਂ ਦੋਸਤ ਦੀ ਜਨਮਦਿਨ ਪਾਰਟੀ ਤੋਂ ਘਰ ਪਰਤ ਰਹੀ ਫਾਕਸਵੈਗਨ ਕਾਰ ਸੜਕ ’ਤੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਪਿੱਛੇ ਤੋਂ ਟਕਰਾ ਗਈ। ਮ੍ਰਿਤਕਾਂ ਦੀ ਪਛਾਣ ਸਪੀਡ ਰਿਕਾਰਡ ਕੰਪਨੀ ਦੇ ਮਾਲਕ ਦਿਨੇਸ਼ ਦੇ ਪੁੱਤਰ ਵਿਦਿਤ ਓਲਕ ਅਤੇ ਪੱਪੀ ਸਵੀਟਸ ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਵਜੋਂ ਹੋਈ ਹੈ।
ਥਾਣਾ ਬਾਰਾਦਰੀ ਦੇ ਐੱਸਐੱਚਓ ਸਾਹਿਲ ਚੌਧਰੀ ਅਨੁਸਾਰ ਪੁਲਿਸ ਨੂੰ ਹਾਦਸੇ ਦੀ ਸੂਚਨਾ ਤੜਕੇ ਕਰੀਬ 3 ਵਜੇ ਮਿਲੀ ਸੀ। ਮੌਕੇ ’ਤੇ ਪਹੁੰਚਣ ’ਤੇ ਪਤਾ ਲੱਗਾ ਕਿ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਫਲਾਈਓਵਰ ’ਤੇ ਸਫ਼ਾਈ ਕਰ ਰਹੇ ਸਨ। ਕੂੜਾ ਇਕੱਠਾ ਕਰਨ ਲਈ ਉਨ੍ਹਾਂ ਨੇ ਟਰੈਕਟਰ-ਟਰਾਲੀ ਉੱਥੇ ਖੜ੍ਹੀ ਕੀਤੀ ਹੋਈ ਸੀ। ਪੁਲਿਸ ਮੁਤਾਬਕ ਕਾਰ ਬੀਐੱਮਸੀ ਚੌਕ ਵੱਲੋਂ ਬੀਐੱਸਐੱਫ ਚੌਕ ਵੱਲ ਜਾ ਰਹੀ ਸੀ। ਇਸ ਦੌਰਾਨ ਕਾਰ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਹਾਦਸੇ ਸਮੇਂ ਕਾਰ ਵਿੱਚ ਕੁੱਲ ਪੰਜ ਨੌਜਵਾਨ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ। ਬਾਕੀ ਤਿੰਨ ਸਾਥੀ ਪਹਿਲਾਂ ਹੀ ਆਪਣੇ ਘਰ ਜਾ ਚੁੱਕੇ ਸਨ।
ਪੁਲਿਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਐੱਸਐੱਚਓ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਨੇ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।