ਟ੍ਰਾਈਸਿਟੀ ਵਿੱਚ ਅੱਜ ਕੈਬ ਤੇ ਆਟੋ ਡਰਾਈਵਰਾਂ ਦੀ ਹੜਤਾਲ
ਚੰਡੀਗੜ੍ਹ: ਟ੍ਰਾਈਸਿਟੀ ਵਿੱਚ ਅੱਜ 3 ਨਵੰਬਰ ਨੂੰ ਕੈਬ ਅਤੇ ਆਟੋ ਡਰਾਈਵਰਾਂ ਵੱਲੋਂ ਹੜਤਾਲ ਕਰਕੇ ਓਲਾ ਅਤੇ ਉਬਰ ਵਰਗੀਆਂ ਐਗਰੀਗੇਟਰ ਕੰਪਨੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਵਿੱਚ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਕਮਰਸ਼ੀਅਲ ਡਰਾਈਵਰ ਸ਼ਾਮਲ ਹੋਣਗੇ।
ਡਰਾਈਵਰ ਯੂਨੀਅਨਾਂ ਨੇ ਸੈਕਟਰ-18 ਸਥਿਤ ਸਟੇਟ ਟਰਾਂਸਪੋਰਟ ਅਥਾਰਟੀ (STA) ਦੇ ਦਫ਼ਤਰ ਅੱਗੇ ਸ਼ਾਂਤਮਈ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਨਿੱਜੀ ਵ੍ਹਾਈਟ ਪਲੇਟ ਵਾਲੀਆਂ ਗੱਡੀਆਂ ਅਤੇ ਬਾਈਕ ਟੈਕਸੀਆਂ ਰਾਹੀਂ ਸਵਾਰੀਆਂ ਦੀ ਢੋਆ-ਢੁਆਈ ’ਤੇ ਰੋਕ ਲਗਾਈ ਜਾਵੇ।
ਡਰਾਈਵਰਾਂ ਦਾ ਦੋਸ਼ ਹੈ ਕਿ ਓਲਾ-ਉਬਰ ਵਰਗੀਆਂ ਕੰਪਨੀਆਂ ਰਾਹੀਂ ਨਿੱਜੀ ਵਾਹਨਾਂ ਨੂੰ ਕਮਰਸ਼ੀਅਲ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਸਵਾਰੀਆਂ ਲਿਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਕਾਰਨ ਕਮਰਸ਼ੀਅਲ ਪਰਮਿਟ ਲੈ ਕੇ ਕੰਮ ਕਰਨ ਵਾਲੇ ਕੈਬ ਅਤੇ ਆਟੋ ਚਾਲਕਾਂ ਦੇ ਰੁਜ਼ਗਾਰ ’ਤੇ ਅਸਰ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਯੂਨੀਅਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਿੱਜੀ ਵਾਹਨਾਂ ਰਾਹੀਂ ਟੈਕਸੀ ਸੇਵਾਵਾਂ ਦੇਣ ’ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ, ਤਾਂ ਜੋ ਕਮਰਸ਼ੀਅਲ ਡਰਾਈਵਰਾਂ ਦੇ ਹਿੱਤਾਂ ਦੀ ਰੱਖਿਆ ਹੋ ਸਕੇ।