ਦਲੇਰ ਮਹਿੰਦੀ ਵਿਵਾਦ ’ਤੇ ਮੰਤਰੀ ਦਾ ਵੱਡਾ ਬਿਆਨ, ਕਿਹਾ- ਅਸਤੀਫ਼ਾ ਦੇ ਦਿਆਂਗਾ, ਪਰ ਮੁਆਫ਼ੀ ਨਹੀਂ ਮੰਗਾਂਗਾ
ਦੇਹਰਾਦੂਨ: ਕੁੰਜਾਪੁਰੀ ਮੇਲੇ ਵਿੱਚ ਪੰਜਾਬੀ ਗਾਇਕ ਦਲੇਰ ਮਹਿੰਦੀ ਨਾਲ ਹੋਏ ਵਿਵਾਦ ਤੋਂ ਬਾਅਦ ਉੱਤਰਾਖੰਡ ਦੇ ਮੰਤਰੀ ਸੁਬੋਧ ਉਨਿਆਲ ਮੁੜ ਚਰਚਾ ਵਿੱਚ ਹਨ। ਇਕ ਸਮਾਗਮ ਦੌਰਾਨ ਦਿੱਤੇ ਉਨ੍ਹਾਂ ਦੇ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਮੰਤਰੀ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਉਹ ਮੁਆਫ਼ੀ ਮੰਗਣ ਦੀ ਬਜਾਏ ਅਸਤੀਫ਼ਾ ਦੇਣਾ ਪਸੰਦ ਕਰਨਗੇ।
ਮੰਚ ਤੋਂ ਬੋਲਦਿਆਂ ਸੁਬੋਧ ਉਨਿਆਲ ਨੇ ਕਿਹਾ, “ਮੈਂ ਅਸਤੀਫ਼ਾ ਦੇਣਾ ਪਸੰਦ ਕਰਾਂਗਾ, ਪਰ ਮੁਆਫ਼ੀ ਨਹੀਂ ਮੰਗਾਂਗਾ। ਜ਼ਿੰਦਗੀ ਵਿੱਚ ਸਵੈ-ਮਾਣ ਬਹੁਤ ਵੱਡੀ ਚੀਜ਼ ਹੈ।”
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਲੇਰ ਮਹਿੰਦੀ ਨਾਲ ਹੋਏ ਵਿਵਾਦ ਨੂੰ ਲੈ ਕੇ ਮੰਤਰੀ ਦਾ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਦਲੇਰ ਮਹਿੰਦੀ ਨਸ਼ੇ ਵਿੱਚ ਹਨ, ਹਾਲਾਂਕਿ ਉਹ ਨਹੀਂ ਜਾਣਦੇ ਕਿ ਕਿਸ ਚੀਜ਼ ਦਾ ਨਸ਼ਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਇੰਨੇ ਵੱਡੇ ਕਲਾਕਾਰ ਦਾ ਮੈਡੀਕਲ ਟੈਸਟ ਨਹੀਂ ਕਰਵਾ ਸਕਦੇ।
ਮੰਤਰੀ ਮੁਤਾਬਕ, ਬਾਅਦ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਦਲੇਰ ਮਹਿੰਦੀ ਦੀ ਤਬੀਅਤ ਠੀਕ ਨਹੀਂ ਸੀ। ਇਸ ਮਾਮਲੇ ਤੋਂ ਬਾਅਦ ਦੋਵਾਂ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ।