ਪੰਜਾਬ ਪੁਲਿਸ ਦਾ ਹਾਈਟੈਕ ਪਲਾਨ: CCTV ਕੈਮਰਿਆਂ ਰਾਹੀਂ ਫੜੇ ਜਾਣਗੇ ਗੈਂਗਸਟਰ
- ਸ਼ੱਕੀ ਵਾਹਨਾਂ ਦੀ ਵੀ ਹੋਵੇਗੀ ਟ੍ਰੈਕਿੰਗ
- ਫੇਸ ਰਿਕਗਨੀਸ਼ਨ ਅਤੇ AI ਤਕਨੀਕ ਨਾਲ ਜੁੜਨਗੇ ਸੂਬੇ ਦੇ CCTV ਕੈਮਰੇ
- ਇੱਕ ਕਲਿੱਕ ’ਤੇ ਮਿਲੇਗਾ ਅਪਰਾਧੀਆਂ ਦਾ ਪੂਰਾ ਰਿਕਾਰਡ
ਚੰਡੀਗੜ੍ਹ: ਪੰਜਾਬ ਵਿੱਚ ਅਪਰਾਧੀਆਂ ਅਤੇ ਗੈਂਗਸਟਰਾਂ ’ਤੇ ਨਿਗਰਾਨੀ ਹੋਰ ਸਖ਼ਤ ਕਰਨ ਲਈ ਪੁਲਿਸ ਵੱਲੋਂ ਆਧੁਨਿਕ ਤਕਨੀਕ ਦੀ ਮਦਦ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਸੜਕਾਂ, ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ ’ਤੇ ਲੱਗੇ CCTV ਕੈਮਰਿਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਜੋੜਿਆ ਜਾਵੇਗਾ। ਇਸ ਨਾਲ ਲੋੜੀਂਦੇ ਗੈਂਗਸਟਰਾਂ ਦੇ ਚਿਹਰੇ ਦੀ ਪਛਾਣ ਹੋਣ ’ਤੇ ਪੁਲਿਸ ਕੰਟਰੋਲ ਰੂਮ ਨੂੰ ਅਲਰਟ ਮਿਲ ਸਕੇਗਾ। ਇਸੇ ਤਰ੍ਹਾਂ ਕਿਸੇ ਅਪਰਾਧ ਵਿੱਚ ਵਰਤੇ ਗਏ ਸ਼ੱਕੀ ਵਾਹਨ ਦਾ ਨੰਬਰ ਸਾਹਮਣੇ ਆਉਣ ’ਤੇ ਉਸ ਦੀ ਆਵਾਜਾਈ ਦਾ ਰਿਕਾਰਡ ਵੀ ਲੱਭਿਆ ਜਾ ਸਕੇਗਾ। ਪੰਜਾਬ ਪੁਲਿਸ ਦੀ ਯੋਜਨਾ ਵਿੱਚ ਫੇਸ ਰਿਕਗਨੀਸ਼ਨ, ਆਟੋਮੈਟਿਕ ਨੰਬਰ ਪਲੇਟ ਰਿਕਗਨੀਸ਼ਨ (ANPR) ਅਤੇ AI ਆਧਾਰਿਤ ਵੀਡੀਓ ਐਨਾਲਿਟਿਕਸ ਨੂੰ ਇੱਕ ਸਾਂਝੇ ਡਿਜੀਟਲ ਪਲੇਟਫਾਰਮ ਨਾਲ ਜੋੜਨਾ ਸ਼ਾਮਲ ਹੈ। ਇਸ ਪ੍ਰਣਾਲੀ ਰਾਹੀਂ ਜ਼ਿਲ੍ਹਾ ਕੰਟਰੋਲ ਰੂਮਾਂ, ਪੁਲਿਸ ਥਾਣਿਆਂ ਅਤੇ CCTV ਨੈੱਟਵਰਕ ਨੂੰ ਇੱਕੋ ਸਿਸਟਮ ’ਤੇ ਲਿਆਉਣ ਦੀ ਤਿਆਰੀ ਹੈ।
ਇੱਕ ਕਲਿੱਕ ’ਤੇ ਮਿਲੇਗੀ ਅਪਰਾਧਿਕ ਰਿਕਾਰਡ ਦੀ ਜਾਣਕਾਰੀ
ਮੌਜੂਦਾ ਸਮੇਂ ਇੱਕੋ ਅਪਰਾਧੀ ਖ਼ਿਲਾਫ਼ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਰਜ FIR ਅਤੇ ਪੁਰਾਣੇ ਕੇਸਾਂ ਦਾ ਰਿਕਾਰਡ ਵੱਖ-ਵੱਖ ਥਾਣਿਆਂ ਵਿੱਚ ਮੌਜੂਦ ਹੁੰਦਾ ਹੈ। ਪ੍ਰਸਤਾਵਿਤ AI ਆਧਾਰਿਤ ਡਾਟਾ ਸਿਸਟਮ ਰਾਹੀਂ ਕਿਸੇ ਮੁਲਜ਼ਮ ਦਾ ਨਾਂ ਜਾਂ ਉਸ ਦੀ ਅਧਿਕਾਰਤ ਪਛਾਣ ਸਬੰਧੀ ਵੇਰਵਾ ਦਰਜ ਕਰਨ ’ਤੇ ਉਸ ਨਾਲ ਜੁੜੇ ਉਪਲਬਧ ਅਪਰਾਧਿਕ ਮਾਮਲਿਆਂ, ਜਾਂਚ ਰਿਕਾਰਡ, ਵਾਹਨਾਂ ਅਤੇ ਸੰਪਰਕਾਂ ਦੀ ਜਾਣਕਾਰੀ ਇੱਕ ਥਾਂ ਮਿਲ ਸਕੇਗੀ। ਇਸ ਨਾਲ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਮੋਹਾਲੀ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਰਜ ਮਾਮਲਿਆਂ ਨੂੰ ਆਪਸ ਵਿੱਚ ਜੋੜ ਕੇ ਗੈਂਗਸਟਰਾਂ ਦੇ ਨੈੱਟਵਰਕ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਵਿਸ਼ਲੇਸ਼ਣ ਕਰਨਾ ਆਸਾਨ ਹੋਵੇਗਾ।
ਧਾਰਮਿਕ ਸਮਾਗਮਾਂ ਅਤੇ ਚੋਣ ਰੈਲੀਆਂ ’ਤੇ ਵੀ ਰਹੇਗੀ ਨਜ਼ਰ
AI ਵੀਡੀਓ ਐਨਾਲਿਟਿਕਸ ਦੀ ਮਦਦ ਨਾਲ ਬਾਜ਼ਾਰਾਂ, ਧਾਰਮਿਕ ਸਥਾਨਾਂ ਅਤੇ ਜਨਤਕ ਸਮਾਗਮਾਂ ਵਿੱਚ ਅਚਾਨਕ ਵਧਣ ਵਾਲੀ ਭੀੜ ਜਾਂ ਕਿਸੇ ਅਸਧਾਰਨ ਗਤੀਵਿਧੀ ਦੀ ਪਛਾਣ ਕਰਨ ਦੀ ਵੀ ਯੋਜਨਾ ਹੈ। ਅਜਿਹੀ ਸਥਿਤੀ ਵਿੱਚ ਪੁਲਿਸ ਨੂੰ ਤੁਰੰਤ ਅਲਰਟ ਮਿਲ ਸਕੇਗਾ, ਜਿਸ ਦੇ ਆਧਾਰ ’ਤੇ ਵਾਧੂ ਪੁਲਿਸ ਬਲ ਤਾਇਨਾਤ ਕਰਨ ਜਾਂ ਆਵਾਜਾਈ ਦਾ ਰਸਤਾ ਬਦਲਣ ਵਰਗੇ ਫ਼ੈਸਲੇ ਲਏ ਜਾ ਸਕਣਗੇ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਰੈਲੀਆਂ, ਰੋਡ ਸ਼ੋਅ ਅਤੇ ਸੰਵੇਦਨਸ਼ੀਲ ਸਮਾਗਮਾਂ ਦੀ ਨਿਗਰਾਨੀ ਲਈ ਵੀ ਇਸ ਤਕਨੀਕ ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੈ।