ਪੰਜਾਬ ‘ਚ ਕਰਮਭੂਮੀ ਐਕਸਪ੍ਰੈੱਸ ਨੂੰ ਲੱਗੀ ਭਿਆਨਕ ਅੱਗ, ਯਾਤਰੀਆਂ ਨੇ ਭੱਜਕੇ ਬਚਾਈ ਜਾਨ, 8 ਟਰੇਨਾਂ ਦੇ ਰੂਟ ਡਾਇਵਰਟ
Train Fire In Rajpura; ਪੰਜਾਬ ਵਿੱਚ ਸ਼ੁੱਕਰਵਾਰ ਦੁਪਹਿਰ ਚੱਲਦੀ ਕਰਮਭੂਮੀ ਐਕਸਪ੍ਰੈੱਸ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਟਰੇਨ ਦੇ ਇੰਜਣ ਨਾਲ ਲੱਗਦੇ ਜਨਰਲ ਡੱਬੇ ਵਿੱਚ ਲੱਗੀ ਅਤੇ ਦੇਖਦੇ ਹੀ ਦੇਖਦੇ ਚਾਰ ਜਨਰਲ ਕੋਚਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਅੱਗ ਲੱਗਣ ਸਮੇਂ ਡੱਬਿਆਂ ਵਿੱਚ ਯਾਤਰੀ ਸਵਾਰ ਸਨ, ਜਿਸ ਕਾਰਨ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ। ਟਰੇਨ ਰੁਕਦੇ ਹੀ ਯਾਤਰੀ ਆਪਣੀ ਜਾਨ ਬਚਾਉਣ ਲਈ ਹੇਠਾਂ ਉਤਰ ਕੇ ਖੇਤਾਂ ਵੱਲ ਭੱਜਣ ਲੱਗੇ। ਇਸ ਦੌਰਾਨ ਕਈ ਯਾਤਰੀਆਂ ਨੇ ਟਰੇਨ ਤੋਂ ਛਾਲਾਂ ਵੀ ਮਾਰ ਦਿੱਤੀਆਂ।
ਇਹ ਹਾਦਸਾ ਫਤਹਿਗੜ੍ਹ ਸਾਹਿਬ ਦੇ ਸਾਧੂਗੜ੍ਹ ਅਤੇ ਪਟਿਆਲਾ ਦੇ ਸਰਾਏ ਬੰਜਾਰਾ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪ੍ਰਸ਼ਾਸਨ, ਫਾਇਰ ਬ੍ਰਿਗੇਡ ਅਤੇ ਰਾਹਤ ਟੀਮਾਂ ਨੂੰ ਅਲਰਟ ਕਰ ਦਿੱਤਾ ਗਿਆ।
ਰੇਲਵੇ ਮੁਤਾਬਕ ਟਰੇਨ ਨੰਬਰ 12508 ਕਰਮਭੂਮੀ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਜਾ ਰਹੀ ਸੀ। ਹਾਦਸਾ ਦੁਪਹਿਰ ਕਰੀਬ 1:10 ਵਜੇ ਵਾਪਰਿਆ। ਮੁੱਢਲੀ ਜਾਂਚ ਦੌਰਾਨ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਸੇਫਟੀ ਸਿਸਟਮ ਐਕਟਿਵ ਹੁੰਦਿਆਂ ਹੀ ਰੋਕੀ ਟਰੇਨ
ਨੌਰਦਰਨ ਰੇਲਵੇ ਦੇ ਸੀਪੀਆਰਓ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਸਰਾਏ ਬੰਜਾਰਾ ਸਟੇਸ਼ਨ ਨੇੜੇ ਸੇਫਟੀ ਸਿਸਟਮ ਐਕਟਿਵ ਹੋਣ ਤੋਂ ਬਾਅਦ ਟਰੇਨ ਨੂੰ ਸੁਰੱਖਿਅਤ ਰੋਕ ਦਿੱਤਾ ਗਿਆ। ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਫਿਲਹਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
SHO ਬੋਲੇ- ਪੱਖੇ ‘ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਸਰਕਾਰੀ ਰੇਲਵੇ ਪੁਲਿਸ (GRP) ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੋਚ ਦੇ ਪੱਖੇ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਇਹ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਅੱਗ ਪਹਿਲਾਂ ਇੱਕ ਡੱਬੇ ਦੇ ਅੰਦਰ ਲੱਗੀ ਅਤੇ ਫਿਰ ਦੂਜੇ ਡੱਬਿਆਂ ਤੱਕ ਫੈਲ ਗਈ।
ਰੇਲਵੇ ਨੇ 8 ਟਰੇਨਾਂ ਦੇ ਰੂਟ ਕੀਤੇ ਡਾਇਵਰਟ
ਕਰਮਭੂਮੀ ਐਕਸਪ੍ਰੈੱਸ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਦੇ ਚੱਲਦਿਆਂ ਰੇਲਵੇ ਵੱਲੋਂ 8 ਟਰੇਨਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ। ਅੰਬਾਲਾ ਡਿਵੀਜ਼ਨ ਵੱਲੋਂ ਜਾਰੀ ਡਾਇਵਰਜ਼ਨ ਪਲਾਨ ਮੁਤਾਬਕ ਡਾਊਨ ਦਿਸ਼ਾ ਦੀਆਂ 5 ਅਤੇ ਅਪ ਦਿਸ਼ਾ ਦੀਆਂ 3 ਟਰੇਨਾਂ ਨੂੰ ਬਦਲਵੇਂ ਰੂਟ ਰਾਹੀਂ ਚਲਾਇਆ ਗਿਆ।