ਦਿਲਜੀਤ ਦੋਸਾਂਝ ‘ Las Vegas’ ’ਚ ਲੈਟਿਨ ਗ੍ਰੈਮੀ ਐਵਾਰਡਜ਼ ਦੌਰਾਨ ਕਰਨਗੇ ਪਰਫਾਰਮ
ਚੰਡੀਗੜ੍ਹ: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੇ ਨਾਂ ਇੱਕ ਹੋਰ ਵੱਡੀ ਉਪਲਬਧੀ ਜੁੜਨ ਜਾ ਰਹੀ ਹੈ। ਉਨ੍ਹਾਂ ਨੂੰ ਸਾਲ 2026 ਦੇ ਲੈਟਿਨ ਗ੍ਰੈਮੀ ਐਵਾਰਡਜ਼ ਵਿੱਚ ਪਰਫਾਰਮ ਕਰਨ ਵਾਲੇ ਕਲਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਲੈਟਿਨ ਰਿਕਾਰਡਿੰਗ ਅਕੈਡਮੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਦਿਲਜੀਤ 12 ਨਵੰਬਰ ਨੂੰ ਲਾਸ ਵੇਗਾਸ ਦੇ ਐਮ.ਜੀ.ਐਮ. ਗ੍ਰੈਂਡ ਗਾਰਡਨ ਏਰੀਨਾ ਵਿੱਚ ਹੋਣ ਵਾਲੇ 27ਵੇਂ ਲੈਟਿਨ ਗ੍ਰੈਮੀ ਐਵਾਰਡ ਸਮਾਰੋਹ ਵਿੱਚ ਆਪਣੀ ਪੇਸ਼ਕਾਰੀ ਦੇਣਗੇ।
ਇਸ ਸਮਾਰੋਹ ਵਿੱਚ ਦਿਲਜੀਤ ਤੋਂ ਇਲਾਵਾ ਕੈਰੋਲ ਜੀ, ਬਿਜ਼ਾਰੈਪ, ਬੇਬੀ ਰੈਂਕਸ, ਬੈਡ ਗਿਆਲ, ਮਿਗੁਏਲ ਕੋਲਨ, ਦਿਵਿਨੋ, ਡੀਜੇ ਪ੍ਰੀਮੀਅਰ, ਗਰੂਪੋ ਨਿਚੇ, ਜੇ ਵ੍ਹੀਲਰ, ਲਿਲ ਸੁਪਾ, ਲੁਈਸ ਐਨਰਿਕ, ਨਾਥੀ ਪੇਲੂਸੋ ਅਤੇ ਐਂਜਲ ‘ਕੁਕੋ’ ਪੇਨਾ ਵੀ ਪਰਫਾਰਮ ਕਰਨਗੇ। ਦਿਲਜੀਤ ਦੀ ਭਾਗੀਦਾਰੀ ਦਾ ਐਲਾਨ ਕਰਨ ਵਾਲੀ ਲੈਟਿਨ ਰਿਕਾਰਡਿੰਗ ਅਕੈਡਮੀ ਦੀ ਇੰਸਟਾਗ੍ਰਾਮ ਪੋਸਟ ’ਤੇ ਉਨ੍ਹਾਂ ਦੀ ਟੀਮ ਨੇ ਉਤਸ਼ਾਹ ਜ਼ਾਹਰ ਕਰਦਿਆਂ ਲਿਖਿਆ, “ਪੰਜਾਬੀ ਆ ਗਏ ਗ੍ਰੈਮੀ ਓਏ”।
ਇਸ ਤੋਂ ਪਹਿਲਾਂ ਐਲਾਨੇ ਗਏ ਪਰਫਾਰਮਰਾਂ ਵਿੱਚ ਅਨੀਤਾ, ਬਾਂਡਾ ਲਾਸ ਰੇਕੋਡਿਟੋਸ, ਕੈਮਿਲਾ ਫਰਨਾਂਡੇਜ਼, ਡੈਡੀ ਯਾਂਕੀ, ਰੋਸਾਲੀਆ, ਸੋਫੀਆ ਰੇਅਸ ਅਤੇ ਦ ਵਾਰਨਿੰਗ ਸਮੇਤ ਹੋਰ ਕਲਾਕਾਰ ਵੀ ਸ਼ਾਮਲ ਹਨ। ‘ਕਿੰਨੀ ਕਿੰਨੀ’, ‘ਲਵਰ’, ‘ਡੂ ਯੂ ਨੋ’, ‘5 ਤਾਰਾ’ ਅਤੇ ‘ਬੌਰਨ ਟੂ ਸ਼ਾਈਨ’ ਵਰਗੇ ਗੀਤਾਂ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਦਿਲਜੀਤ ਇਸ ਸਮੇਂ ਆਪਣੇ ‘ਔਰਾ ਇੰਡੀਆ ਟੂਰ’ ਵਿੱਚ ਰੁੱਝੇ ਹੋਏ ਹਨ। ਇਹ ਟੂਰ 30 ਅਕਤੂਬਰ ਨੂੰ ਦਿੱਲੀ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਦਾ ਅਗਲਾ ਕੰਸਰਟ 15 ਨਵੰਬਰ ਨੂੰ ਇੰਦੌਰ ਵਿੱਚ ਹੋਵੇਗਾ।